ਪੰਜਾਬ ''ਚ ਭਾਰੀ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, ਖੜ੍ਹੀ ਫਸਲ ਜ਼ਮੀਨ ''ਤੇ ਵਿਛੀ

03/13/2020 11:29:56 AM

ਸਮਰਾਲਾ (ਸੰਜੇ ਗਰਗ) : ਵੀਰਵਾਰ ਦੀ ਰਾਤ ਨੂੰ ਪੰਜਾਬ 'ਚ ਆਏ ਭਾਰੀ ਤੂਫਾਨ ਦੇ ਨਾਲ ਹੋਈ ਗੜ੍ਹੇਮਾਰੀ ਅਤੇ ਮੀਂਹ ਨੇ ਵੱਡੀ ਤਬਾਹੀ ਮਚਾਈ ਹੈ। ਮੁੱਢਲੀਆਂ ਰਿਪੋਰਟਾਂ 'ਚ ਕਣਕ ਦੀ ਖੜ੍ਹੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਅਤੇ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਨੂੰ ਭਾਰੀ ਨੁਕਸਾਨ ਪੁੱਜਾ ਹੈ।

ਇਸ ਤੂਫਾਨ ਨਾਲ ਸੈਂਕੜੇ ਹੀ ਦਰਖੱਤ ਜੜ੍ਹੋਂ ਪੁੱਟੇ ਗਏ ਅਤੇ ਕਈ ਥਾਈਂ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਣ ਦੀਆਂ ਸੂਚਨਾਵਾਂ ਹਨ।

ਫ਼ਸਲਾਂ ਦੀ ਹੋਈ ਭਾਰੀ ਤਬਾਹੀ ਨਾਲ ਕਿਸਾਨ ਡਾਹਢਾ ਚਿੰਤਤ ਵਿਖਾਈ ਦੇ ਰਿਹਾ ਹੈ ਅਤੇ ਹਜ਼ਾਰਾਂ ਹੀ ਏਕੜ ਖੇਤਾਂ 'ਚ ਖੜ੍ਹੀ ਕਣਕ ਦੀ ਫ਼ਸਲ ਭਾਰੀ ਗੜ੍ਹੇਮਾਰੀ ਕਾਰਨ ਜ਼ਮੀਨ 'ਤੇ ਵਿੱਛ ਜਾਣ 'ਤੇ 100 ਫ਼ੀਸਦੀ ਨੁਕਸਾਨੀ ਗਈ ਹੈ।

ਓਧਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ 'ਜਗਬਾਣੀ' ਨੂੰ ਦੱਸਿਆ ਹੈ ਕਿ ਸੂਬੇ ਦੇ ਕਈ ਜ਼ਿਲਿਆਂ 'ਚੋਂ ਫ਼ਸਲਾਂ ਦੇ ਭਾਰੀ ਨੁਕਸਾਨ ਦੀਆਂ ਰਿਪੋਰਟਾਂ ਉਨ੍ਹਾਂ ਕੋਲ ਪੁੱਜ ਰਹੀਆਂ ਹਨ ਅਤੇ ਕਹਿਰ ਬਣ ਕੇ ਵਰ੍ਹੇ ਮੀਂਹ ਤੇ ਗੜ੍ਹੇਮਾਰੀ ਨੇ ਸੂਬੇ ਦੇ ਕਿਸਾਨਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ।

ਰਾਜੇਵਾਲ ਨੇ ਦੱਸਿਆ ਕਿ ਭਾਰੀ ਮੀਂਹ ਤੇ ਗੜ੍ਹੇਮਾਰੀ ਦੇ ਨਾਲ ਚੱਲੀਆਂ ਤੇਜ਼ ਹਵਾਵਾ ਨਾਲ 50 ਫੀਸਦੀ ਤੱਕ ਕਣਕ ਦੀਆਂ ਬੱਲੀਆਂ ਜ਼ਮੀਨ 'ਤੇ ਡਿੱਗ ਗਈਆਂ ਹਨ ਅਤੇ ਜਿਥੇ ਗੜ੍ਹੇ ਪੈ ਗਏ, ਉਨ੍ਹਾਂ ਖੇਤਾਂ 'ਚ 100 ਫ਼ੀਸਦੀ ਹੀ ਫ਼ਸਲਾਂ ਦੀ ਤਬਾਹੀ ਹੋ ਗਈ।
ਸਪੈਸ਼ਲ ਗਿਰਦਾਵਰੀ ਦੀ ਮੰਗ
ਬੀ. ਕੇ. ਯੂ. ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੀ ਤਾਂ ਕਿਸਮਤ ਹੀ ਮਾੜੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਈ ਗੜ੍ਹੇਮਾਰੀ ਅਤੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਇਕ ਧੇਲਾ ਵੀ ਅਜੇ ਤੱਕ ਕਿਸੇ ਇਕ ਕਿਸਾਨ ਨੂੰ ਨਹੀਂ ਮਿਲਿਆ ਅਤੇ ਹੁਣ ਕੁਦਰਤ ਦੇ ਵਰਪਾਏ ਕਹਿਰ ਨੇ ਕਿਸਾਨਾਂ ਦੀ ਆਰਥਿਕਤਾ ਦਾ ਲੱਕ ਹੀ ਤੋੜ ਦਿੱਤਾ ਹੈ।

ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਹੈ ਕਿ ਬੀਤੀ ਰਾਤ ਹੋਈ ਗੜ੍ਹੇਮਾਰੀ ਅਤੇ ਤੂਫਾਨ ਨਾਲ ਪੂਰੇ ਪੰਜਾਬ 'ਚ ਹੀ ਕਣਕ ਦੀ ਫ਼ਸਲ ਸਮੇਤ ਸਬਜ਼ੀ ਕਾਸ਼ਤਕਾਰਾਂ ਦਾ ਵੱਡਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਰਬਾਦੀ ਦਾ ਇਸ ਗੱਲ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਰਾਤ ਹੋਈ ਭਾਰੀ ਗੜ੍ਹੇਮਾਰੀ ਕਾਰਨ ਅੱਜ ਸਵੇਰ ਤੱਕ ਖੇਤ ਬਰਫ਼ ਦੀ ਚਾਦਰ 'ਚ ਲਿਪਟੇ ਨਜ਼ਰ ਆਏ ਅਤੇ ਕਈ ਰਿਹਾਇਸ਼ੀ ਇਲਾਕਿਆਂ 'ਚ ਸਵੇਰ ਤੱਕ ਬਰਫ ਦੀਆਂ ਤੈਹਾ ਵੇਖਣ ਨੂੰ ਮਿਲੀਆ।

ਇਹ ਵੀ ਪੜ੍ਹੋ : ਕਿਸਾਨਾਂ 'ਤੇ ਕੁਦਰਤ ਦਾ ਕਹਿਰ, ਪੁੱਤਾਂ ਵਾਂਗ ਪਾਲੀ ਫਸਲ ਜ਼ਮੀਨ 'ਤੇ ਵਿਛੀ (ਵੀਡੀਓ)

ਰਾਜੇਵਾਲ ਨੇ ਕਿਹਾ ਕਿ ਸਵੇਰ ਤੱਕ ਉਨ੍ਹਾਂ ਨੂੰ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਮੋਗਾ, ਜਗਰਾਓਂ, ਫਿਲੌਰ, ਜਲੰਧਰ, ਫਗਵਾੜਾ, ਸੰਗਰੂਰ ਅਤੇ ਰੋਪੜ ਜ਼ਿਲਿਆਂ 'ਚੋਂ ਵੱਡੇ ਨੁਕਸਾਨ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਰਾਜੇਵਾਲ ਨੇ ਸਰਕਾਰ ਕੋਲੋ ਪੂਰੇ ਪੰਜਾਬ 'ਚ ਸਪੈਸ਼ਲ ਗਿਰਦਾਵਰੀ ਕਰਵਾਏ ਜਾਣ ਦੀ ਮੰਗ ਕਰਦੇ ਹੋਏ ਫ਼ਸਲਾਂ ਦੇ ਨੁਕਸਾਨ ਲਈ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ।
ਤੂਫਾਨ ਕਾਰਨ ਦਰਖੱਤਾਂ ਦਾ ਭਾਰੀ ਨੁਕਸਾਨ
ਲੰਘੀ ਰਾਤ ਭਾਰੀ ਮੀਂਹ ਅਤੇ ਤੂਫਾਨ ਨੇ ਇਲਾਕੇ 'ਚ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਹੋਰ ਵੀ ਭਾਰੀ ਤਬਾਹੀ ਮਚਾਈ ਹੈ। ਇਸ ਤੂਫਾਨ ਨਾਲ ਸੜਕਾਂ ਕਿਨਾਰੇ ਖੜ੍ਹੇ ਕਈ ਦਰਖੱਤ ਜੜ੍ਹੋਂ ਹੀ ਪੁੱਟੇ ਗਏ ਹਨ ਅਤੇ ਕਈ ਪੇਂਡੂ ਰਸਤਿਆਂ 'ਚ ਤੂਫਾਨ ਨਾਲ ਪੁੱਟ ਕੇ ਸੜਕਾਂ ਵਿਚਾਲੇ ਡਿੱਗੇ ਇਨ੍ਹਾਂ ਦਰਖੱਤਾਂ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਰਿਹਾਇਸ਼ੀ ਇਲਾਕਿਆਂ 'ਚ ਸਵੇਰ ਤੱਕ ਵਿਖੇ ਬਰਫ ਦੇ ਗੋਲੇ
ਦੇਰ ਰਾਤ ਹੋਈ ਭਾਰੀ ਗੜ੍ਹੇਮਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਸਵੇਰ ਤੱਕ ਥਾਂ-ਥਾਂ ਬਰਫ਼ ਦੇ ਗੋਲੇ ਪਏ ਵਿਖਾਈ ਦਿੱਤੇ।

ਸ਼ਹਿਰ ਦੇ ਕਈ ਘਰਾਂ 'ਚਗੜ੍ਹਿਆਂ ਦੇ ਰੂਪ 'ਚ ਪਈ ਭਾਰੀ ਬਰਫ਼ ਜੰਮੀ ਹੋਈ ਨਜ਼ਰ ਆਈ ਅਤੇ ਕਈ ਘਰਾਂ ਦੀਆਂ ਛੱਤਾਂ ਇਸ ਸਫੈਦ ਬਰਫ ਨਾਲ ਪੂਰੀ ਤਰਾ ਢੱਕੀਆਂ ਹੋਈਆਂ ਨਜ਼ਰ ਆ ਰਹੀਆਂ ਸਨ।

Babita

This news is Content Editor Babita