ਹਫਤੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ, ਖਾਲੀ ਬਾਲਟੀਆਂ ਫੜ ਕੇ ਕੀਤਾ ਰੋਸ ਮੁਜ਼ਾਹਰਾ

09/22/2017 6:34:40 AM

ਮਾਛੀਵਾੜਾ ਸਾਹਿਬ,   (ਟੱਕਰ, ਸਚਦੇਵਾ)-  ਬੇਟ ਖੇਤਰ 'ਚ ਪੈਂਦੇ ਪਿੰਡ ਗੜ੍ਹੀ ਸੈਣੀਆਂ ਦੇ ਲੋਕ 1 ਹਫ਼ਤੇ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਕਿਉਂਕਿ ਕਮੇਟੀ ਵਲੋਂ ਪਾਣੀ ਵਾਲੀ ਟੈਂਕੀ ਦਾ ਬਿੱਲ ਨਾ ਭਰਨ ਕਾਰਨ ਬਿਜਲੀ ਮਹਿਕਮੇ ਦੇ ਕਰਮਚਾਰੀਆਂ ਨੇ ਆਪਣੇ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ, ਜਿਸ ਕਾਰਨ ਟੈਂਕੀ ਭਰਨ ਦੇ ਕੋਈ ਬਦਲਵੇਂ ਪ੍ਰਬੰਧ ਨਾ ਹੋਣ ਕਾਰਨ ਪਿੰਡ ਦੇ ਲੋਕਾਂ 'ਚ ਹਾਹਾਕਾਰ ਮਚੀ ਹੋਈ ਹੈ ਤੇ ਉਨ੍ਹਾਂ ਵਲੋਂ ਖਾਲੀ ਬਾਲਟੀਆਂ ਫੜ ਕੇ ਵਿਭਾਗ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
ਅੱਜ ਜਾਣਕਾਰੀ ਲੈਣ ਲਈ ਪਹੁੰਚੀ ਪੱਤਰਕਾਰਾਂ ਦੀ ਟੀਮ ਨੂੰ ਪਿੰਡ ਦੇ ਪ੍ਰਭਾਵਿਤ ਲੋਕਾਂ, ਜਿਨ੍ਹਾਂ 'ਚ ਔਰਤਾਂ ਦੀ ਗਿਣਤੀ ਜ਼ਿਆਦਾ ਸੀ ਤੇ ਜਿਨ੍ਹਾਂ ਖਾਲੀ ਬਾਲਟੀਆਂ ਫੜੀਆਂ ਸਨ, ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਹੇਠਲਾ ਪਾਣੀ ਪੀਣਯੋਗ ਨਾ ਹੋਣ ਕਾਰਨ ਸਰਕਾਰ ਨੇ ਹੋਰ ਪਿੰਡਾਂ ਦੀ ਤਰ੍ਹਾਂ ਇਸ ਪਿੰਡ 'ਚ ਵੀ 4-5 ਸਾਲ ਪਹਿਲਾਂ ਪਾਣੀ ਵਾਲੀ ਟੈਂਕੀ ਲਾਈ ਸੀ। ਟੈਂਕੀ ਦੀ ਸਾਂਭ-ਸੰਭਾਲ ਤੇ ਹੋਰ ਕੰਮਕਾਰ ਚਲਾਉਣ ਲਈ ਪਿੰਡ ਦੇ ਕੁਝ ਬੰਦਿਆਂ ਦੀ ਕਮੇਟੀ ਬਣਾਈ ਗਈ ਸੀ ਤੇ ਇਸ ਕਮੇਟੀ ਨੇ ਪ੍ਰਾਈਵੇਟ ਤੌਰ 'ਤੇ ਇਕ ਆਪ੍ਰੇਟਰ ਵੀ ਰੱਖਿਆ ਹੋਇਆ ਹੈ। 
ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਵਲੋਂ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਾ ਨਿਭਾਉਣ ਕਾਰਨ ਜਿੱਥੇ ਪਾਣੀ ਲੈਣ ਵਾਲੇ ਪਰਿਵਾਰਾਂ ਸਿਰ ਪਾਣੀ ਦੇ ਬਿੱਲਾਂ ਦੀ ਰਕਮ ਵੱਡੀ ਮਾਤਰਾ ਵਿਚ ਇਕੱਠੀ ਹੋ ਗਈ, ਉਥੇ ਹੀ ਬਿਜਲੀ ਦੇ ਬਿੱਲ ਵੀ ਸਮੇਂ ਸਿਰ ਨਾ ਭਰਨ ਕਾਰਨ ਬਿੱਲ ਦੇ ਪੈਸੇ ਵੀ ਵੱਡੀ ਮਾਤਰਾ 'ਚ ਇਕੱਠੇ ਹੋ ਗਏ ਤੇ ਕਮੇਟੀ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਕੁਨੈਕਸ਼ਨ ਕੱਟ ਦਿੱਤਾ। 
ਇਨ੍ਹਾਂ ਲੋਕਾਂ ਨੇ ਦੱਸਿਆ ਕਿ ਜਿੱਥੇ ਉਹ ਕਈ ਦਿਨਾਂ ਤੋਂ ਸਾਫ਼ ਪਾਣੀ ਪੀਣ, ਕੱਪੜੇ ਧੋਣ, ਨਹਾਉਣ ਆਦਿ ਨੂੰ ਤਰਸ ਗਏ ਹਨ, ਉਥੇ ਹੀ ਉਨ੍ਹਾਂ ਦੇ ਘਰਾਂ ਵਿਚ ਪਾਲੇ ਡੰਗਰਾਂ ਨੂੰ ਵੀ ਸਾਫ਼ ਪਾਣੀ ਪੀਣ ਲਈ ਨਹੀਂ ਮਿਲ ਰਿਹਾ। ਜੇਕਰ ਹੋਰ ਕੁਝ ਦਿਨ ਅਜਿਹੀ ਸਥਿਤੀ ਬਣੀ ਰਹੀ ਤਾਂ ਲੋਕ ਬੀਮਾਰ ਹੋਣ ਲੱਗ ਜਾਣਗੇ, ਉਥੇ ਹੀ ਉਨ੍ਹਾਂ ਦੇ ਪਸ਼ੂਆਂ ਦਾ ਨੁਕਸਾਨ ਹੋਣ ਦਾ ਵੀ ਡਰ ਬਣਿਆ ਹੋਇਆ ਹੈ। 
ਇਸ ਮੌਕੇ ਨਰਿੰਦਰ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਅਮਰਜੀਤ ਸਿੰਘ, ਅਵਤਾਰ ਸਿੰਘ, ਅਜੀਤ ਸਿੰਘ, ਸਰਵਣ ਸਿੰਘ, ਹਰੀ ਸਿੰਘ, ਸੁੱਚਾ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਮੇਹਰ ਸਿੰਘ, ਹਾਕਮ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ, ਫਤਿਹ ਸਿੰਘ, ਪਾਲ ਸਿੰਘ, ਪਿਆਰਾ ਸਿੰਘ, ਨੰਬਰਦਾਰ ਬਲਦੇਵ ਸਿੰਘ, ਧਰਮ ਸਿੰਘ, ਸੁਖਦੇਵ ਸਿੰਘ, ਬਚਿੱਤਰ ਸਿੰਘ, ਜੋਗਿੰਦਰ ਕੌਰ, ਮਾਇਆ ਦੇਵੀ, ਪ੍ਰੀਤਮ ਕੌਰ, ਅਮਰ ਕੌਰ, ਕਰਨੈਲ ਕੌਰ, ਅਮਨਦੀਪ ਕੌਰ, ਸੀਤਾ ਦੇਵੀ, ਭਿੰਦਰ ਕੌਰ, ਪ੍ਰਕਾਸ਼ ਕੌਰ, ਜਸਵੀਰ ਕੌਰ ਤੇ ਬਲਜਿੰਦਰ ਕੌਰ ਵੀ ਮੌਜੂਦ ਸਨ।
ਕੀ ਕਹਿਣਾ ਹੈ ਕਮੇਟੀ ਪ੍ਰਧਾਨ ਦਾ 
ਇਸ ਸਬੰਧੀ ਜਦੋਂ ਪਿੰਡ ਵਾਲੀ ਟੈਂਕੀ ਦੀ ਸਾਂਭ-ਸੰਭਾਲ ਤੇ ਕਾਰਜਭਾਰ ਚਲਾਉਣ ਵਾਲੀ 15 ਮੈਂਬਰੀ ਕਮੇਟੀ ਦੇ ਚੇਅਰਮੈਨ ਤੇ ਸਰਪੰਚ ਜੋਗਾ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਬਹੁਤ ਸਾਰੇ ਲੋਕ ਪਾਣੀ ਦਾ ਬਿੱਲ ਨਹੀਂ ਦੇ ਰਹੇ ਹਨ, ਜਿਸ ਕਾਰਨ ਇਹ ਸਮੱਸਿਆ ਆਈ ਹੈ। 
ਉਨ੍ਹਾਂ ਦੱਸਿਆ ਕਿ ਇਕ ਮਹੀਨੇ ਦਾ ਸਿਰਫ਼ 100 ਰੁਪਏ ਬਿੱਲ ਹੈ, ਜਿਸ ਲਈ ਕਈ-ਕਈ ਚੱਕਰ ਲਾਉਣੇ ਪੈਂਦੇ ਹਨ ਪਰ ਲੋਕ ਟਾਲ-ਮਟੋਲ ਕਰ ਕੇ ਸਾਰ ਦਿੰਦੇ ਹਨ। ਪਿੰਡ ਦਾ ਮਾਮਲਾ ਹੋਣ ਕਾਰਨ ਉਹ ਕਿਸੇ ਨਾਲ ਝਗੜਾ ਵੀ ਨਹੀਂ ਕਰ ਸਕਦੇ। ਬਹੁਤ ਸਾਰੇ ਪਰਿਵਾਰਾਂ ਸਿਰ 10 ਤੋਂ 12 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ ਤੇ ਬਿਜਲੀ ਦਾ ਬਿੱਲ ਵੀ 70-72 ਹਜ਼ਾਰ ਰੁਪਏ ਹੋ ਗਿਆ ਪਰ ਹੁਣ ਉਨ੍ਹਾਂ ਨੇ ਕਿਵੇਂ ਨਾ ਕਿਵੇਂ 40 ਹਜ਼ਾਰ ਰੁਪਏ ਦਾ ਬੰਦੋਬਸਤ ਕਰ ਕੇ ਬਿੱਲ ਭਰਨਾ ਹੈ ਤੇ ਜਲਦ ਹੀ ਸਪਲਾਈ ਚਾਲੂ ਹੋ ਜਾਵੇਗੀ।
ਬਿਜਲੀ ਦੀ ਸਪਲਾਈ ਨਹੀਂ ਰੋਕਾਂਗੇ ਪਰ ਲੋਕ ਆਪਣਾ ਫ਼ਰਜ਼ ਪਛਾਣਨ : ਐੈੱਸ. ਡੀ. ਓ.
ਜਦੋਂ ਬਿਜਲੀ ਦੀ ਸਪਲਾਈ ਨਾਲ ਸਬੰਧਿਤ ਐੈੱਸ. ਡੀ. ਓ. ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਲੋੜਾਂ ਨੂੰ ਸਮਝਦੇ ਹਨ, ਇਸ ਕਰ ਕੇ ਉਹ ਬਿਜਲੀ ਦੀ ਸਪਲਾਈ ਤਾਂ ਨਹੀਂ ਰੋਕਣਗੇ ਪਰ ਲੋਕਾਂ ਨੂੰ ਆਪਣਾ ਫ਼ਰਜ਼ ਵੀ ਪਛਾਣਨਾ ਚਾਹੀਦਾ ਹੈ। ਬਿਜਲੀ ਅਧਿਕਾਰੀ ਨੇ ਕਿਹਾ ਕਿ ਸਾਨੂੰ ਵੀ ਉਪਰੋਂ ਹਦਾਇਤਾਂ ਹਨ ਪਰ ਅਸੀਂ ਫਿਰ ਵੀ ਲੋਕਾਂ ਦੀਆ ਲੋੜਾਂ ਤੇ ਭਾਵਨਾਵਾਂ ਨੂੰ ਸਮਝਦੇ ਹੋਏ ਸਪਲਾਈ ਜਾਰੀ ਕਰ ਦਿੰਦੇ ਹਾਂ ਪਰ ਮੀਟਰ ਦਾ ਬਿੱਲ ਜਲਦ ਹੀ ਭਰਨਾ ਪਵੇਗਾ।
ਗਰੀਬ ਲੋਕਾਂ ਦੇ ਕੱਟੇ ਹੋਏ ਬਿੱਲ ਦੇ ਪੈਸੇ ਮੁਆਫ਼ ਕੀਤੇ ਜਾਣ
ਪਿੰਡ ਗੜ੍ਹੀ ਸੈਣੀਆਂ ਵਿਖੇ ਇਕੱਠੇ ਹੋਏ ਕੁਝ ਗਰੀਬ ਵਿਅਕਤੀਆਂ ਤੇ ਔਰਤਾਂ ਨੇ ਕਿਹਾ ਕਿ ਉਨ੍ਹਾਂ ਦਾ ਕਈ-ਕਈ ਹਜ਼ਾਰ ਰੁਪਏ ਬਿੱਲ ਇਕੱਠਾ ਹੋਇਆ ਦੱਸਿਆ ਜਾ ਰਿਹਾ ਹੈ। ਉਹ ਗਰੀਬ ਬੰਦੇ ਹਨ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਵੀ ਮੁਸ਼ਕਿਲ ਨਾਲ ਜੁੜਦੀ ਹੈ। ਇਸ ਕਰਕੇ ਉਨ੍ਹਾਂ ਦੇ ਇਨ੍ਹਾਂ ਬਿੱਲਾਂ ਦਾ ਬਕਾਇਆ ਮੁਆਫ ਕੀਤਾ ਜਾਵੇ ਤੇ ਅੱਗੇ ਤੋਂ ਵੀ ਪਾਣੀ ਦੇ ਬਿੱਲ ਨਾ ਲਏ ਜਾਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਕਿ ਉਹ ਗਰੀਬ ਕਿਸਾਨਾਂ ਵਾਂਗ ਸਾਡਾ ਵੀ ਘਰਾਂ ਦੇ ਪਾਣੀ ਦਾ ਬਿੱਲ ਮੁਆਫ਼ ਕਰੇ।