ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ

08/18/2017 7:05:22 AM

ਤਰਨਤਾਰਨ/ਭਿੱਖੀਵਿੰਡ,  (ਰਾਜੂ, ਭਾਟੀਆ)-  ਜ਼ਿਲਾ ਤਰਨਤਾਰਨ ਦੇ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮੋਟਰਸਾਈਕਲ ਚੋਰੀ ਕਰ ਕੇ ਵੇਚਣ ਦਾ ਧੰਦਾ ਕਰਨ ਵਾਲੇ ਤਿੰਨ ਚੋਰ ਗਰੋਹ ਮੈਂਬਰਾਂ 'ਚੋਂ ਇਕ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਬਾਕੀ ਚੋਰਾਂ ਦੀ ਗ੍ਰਿਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 
ਜਾਣਕਾਰੀ ਦਿੰਦਿਆਂ ਐੱਸ. ਪੀ. ਡੀ. ਤਿਲਕ ਰਾਜ ਨੇ ਦੱਸਿਆ ਕਿ ਚੌਕੀ ਕੱਚਾ ਪੱਕਾ ਦੇ ਇੰਚਾਰਜ ਏ. ਐੱਸ. ਆਈ. ਨਛੱਤਰ ਸਿੰਘ ਪੁਲਸ ਪਾਰਟੀ ਸਮੇਤ ਬੱਸ ਅੱਡਾ ਕੋਠੀ ਕੱਚਾ ਪੱਕਾ ਵਿਖੇ ਮੌਜੂਦ ਸੀ, ਜਿਥੇ ਮੁਖਬਰ ਨੇ ਆ ਕੇ ਉਨ੍ਹਾਂ ਨੂੰ ਦੱਸਿਆ ਕਿ ਰੋਸ਼ਨ ਸਿੰਘ ਉਰਫ ਬਿੱਲੀ ਪੁੱਤਰ ਸੇਮਾ ਸਿੰਘ, ਮਨਜੀਤ ਸਿੰਘ ਪੁੱਤਰ ਸੂਰਤਾ ਸਿੰਘ ਅਤੇ ਸ਼ਰਨਜੀਤ ਸਿੰਘ ਪੁੱਤਰ ਸੋਸਾ ਸਿੰਘ ਸਾਰੇ ਵਾਸੀਆਨ ਚੂਸਲੇਵੜ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਹੁਣ ਇਹ ਇਕ ਚੋਰੀ ਦਾ ਮੋਟਰਸਾਈਕਲ ਵੇਚਣ ਲਈ ਪਿੰਡ ਚੂਸਲੇਵੜ ਤੋਂ ਭਿੱਖੀਵਿੰਡ ਨੂੰ ਆ ਰਹੇ ਹਨ, ਜਿਸ 'ਤੇ ਪੁਲਸ ਨੇ ਨਾਕਾਬੰਦੀ ਕਰ ਕੇ ਰੋਸ਼ਨ ਸਿੰਘ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦਕਿ ਬਾਕੀ ਫਰਾਰ ਹੋਣ 'ਚ ਕਾਮਯਾਬ ਹੋ ਗਏ।