ਚੋਰੀ ਦੇ ਮੋਟਰਸਾਈਕਲ ਸਮੇਤ ਨੌਜਵਾਨ ਕਾਬੂ

09/10/2017 6:52:21 AM

ਬੇਗੋਵਾਲ, (ਰਜਿੰਦਰ)- ਥਾਣਾ ਬੇਗੋਵਾਲ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਬੇਗੋਵਾਲ ਦੀ ਪੁਲਸ ਪਾਰਟੀ ਸ਼ਹਿਰ ਦੇ ਭਦਾਸ ਚੌਕ ਵਿਖੇ ਗਸ਼ਤ ਦੌਰਾਨ ਮੌਜੂਦ ਸੀ। ਜਿਸ ਦੌਰਾਨ ਮੁਖਬਰ ਖਾਸ ਨੇ ਪੁਲਸ ਪਾਰਟੀ ਨੂੰ ਇਤਲਾਹ ਦਿੱਤੀ ਕਿ ਸੰਦੀਪ ਸਿੰਘ ਉਰਫ ਰਾਜਾ ਪੁੱਤਰ ਰੁਲਦਾ ਸਿੰਘ ਵਾਸੀ ਵਾਰਡ ਨੰਬਰ 1 ਬੇਗੋਵਾਲ ਜਿਹੜਾ ਕਿ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਉਹ ਚੋਰੀ ਦਾ ਮੋਟਰਸਾਈਕਲ ਲੈ ਕੇ ਕਿਸੇ ਗਾਹਕ ਨੂੰ ਵੇਚਣ ਦੀ ਤਾਕ ਵਿਚ ਬੱਸ ਸਟੈਂਡ ਬੇਗੋਵਾਲ ਵਲੋਂ ਅੱਡਾ ਸਤਿਗੁਰ ਰਾਖਾ ਚੌਕ ਵੱਲ ਆ ਰਿਹਾ ਹੈ, ਜੇਕਰ ਪੂਰੀ ਚੈਕਿੰਗ ਕੀਤੀ ਜਾਵੇ ਤਾਂ ਸੰਦੀਪ ਸਿੰਘ ਉਰਫ ਰਾਜਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਜਾ ਸਕਦਾ ਹੈ। 
ਇਸ ਦੌਰਾਨ ਨਾਕੇ 'ਤੇ ਚੈਕਿੰਗ ਹੋ ਰਹੀ ਸੀ। ਜਿਸ ਦੌਰਾਨ ਇਕ ਨੌਜਵਾਨ ਬੱਸ ਸਟੈਂਡ ਬੇਗੋਵਾਲ ਵਲੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਿਹਾ ਸੀ। ਜਿਸ ਨੂੰ ਪੁਲਸ ਪਾਰਟੀ ਨੇ ਚੈਕਿੰਗ ਲਈ ਰੋਕਿਆ ਪਰ ਮੋਟਰਸਾਈਕਲ ਸਵਾਰ ਕਾਗਜ਼ਾਤ ਪੇਸ਼ ਨਹੀਂ ਕਰ ਸਕਿਆ। ਜਿਸ ਉਪਰੰਤ ਪੁਲਸ ਨੇ ਸਖਤੀ ਨਾਲ ਮੋਟਰਸਾਈਕਲ ਚਾਲਕ ਸੰਦੀਪ ਸਿੰਘ ਉਰਫ ਰਾਜਾ ਪੁੱਤਰ ਰੁਲਦਾ ਸਿੰਘ ਵਾਸੀ ਬੇਗੋਵਾਲ ਨੂੰ ਪੁੱਛਿਆ ਤਾਂ ਸੰਦੀਪ ਸਿੰਘ ਨੇ ਦੱਸਿਆ ਕਿ ਇਹ ਮੋਟਰਸਾਈਕਲ ਮੈਂ ਪਿੰਡ ਇਬਰਾਹਿਮਵਾਲ ਤੋਂ ਚੋਰੀ ਕੀਤਾ ਹੈ। ਜਿਸ ਉਪਰੰਤ ਬੇਗੋਵਾਲ ਪੁਲਸ ਵਲੋਂ ਉਕਤ ਨੌਜਵਾਨ ਖਿਲਾਫ ਥਾਣਾ ਬੇਗੋਵਾਲ ਵਿਖੇ ਚੋਰੀ ਦਾ ਕੇਸ ਦਰਜ ਕੀਤਾ ਗਿਆ।