ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਮਗਰੋਂ ਨੰਗਲ ਅੰਬੀਆਂ ਦੀ ਪਤਨੀ ਦਾ ਪਹਿਲਾ ਬਿਆਨ ਆਇਆ ਸਾਹਮਣੇ(ਵੀਡੀਓ)

05/05/2023 4:11:08 PM

ਜਲੰਧਰ (ਵੈੱਬ ਡੈਸਕ) : ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕਾਂਡ ਮਾਮਲੇ 'ਚ ਜਲੰਧਰ ਪੁਲਸ ਵੱਲੋਂ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਦੀ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਧੰਨਵਾਦ ਕੀਤਾ ਹੈ। ਰਪਿੰਦਰ ਕੌਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਮੁੱਖ ਮੰਤਰੀ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕੀਤਾ। ਉਨ੍ਹਾਂ ਵੀਡੀਓ 'ਚ ਆਖਿਆ ਕੇ ਬੀਤੇ ਸਾਲ ਜੋ ਸਾਡੇ ਨਾਲ ਘਟਨਾ ਵਾਪਰੀ ਸੀ, ਹੁਣ ਤੱਕ ਉਸਦਾ ਕੋਈ ਇਨਸਾਫ਼ ਨਹੀਂ ਮਿਲਿਆ ਪਰ ਬੀਤੇ ਦਿਨੀਂ ਜਦੋਂ ਮੈਂ ਸੰਦੀਪ ਦੀ ਬਰਸੀ ਕਰਨ ਲਈ ਪੰਜਾਬ ਆਈ ਸੀ ਤਾਂ ਉਸ ਵੇਲੇ ਮੈਂ ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ ਸੀ। ਉਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਉਹ ਸੰਦੀਪ ਨੂੰ ਇਨਸਾਫ਼ ਦਿਵਾਉਣ ਲਈ ਜੋ ਕੁਝ ਵੀ ਸੰਭਵ ਹੋਇਆ, ਉਹ ਜ਼ਰੂਰ ਕਰਨਗੇ। ਉਨ੍ਹਾਂ ਨੇ ਕੇਸ ਨੂੰ ਵੇਰੀਫਾਈ ਕਰਨ ਲਈ ਥੋੜਾ ਸਮਾਂ ਮੰਗਿਆ ਸੀ ਤੇ ਉਨ੍ਹਾਂ ਨੇ ਕੇਸ ਵੇਰੀਫਾਈ ਕਰਕੇ ਬੀਤੇ ਦਿਨ ਇਸ ਕਤਲ ਦੇ ਮਾਸਟਰਮਾਈਂਡ ਸੁਰਜਨ ਸਿੰਘ ਚੱਠਾ ਨੂੰ ਜੇਲ੍ਹ ਦੀਆਂ ਸਲਾਖ਼ਾਂ ਦੇ ਪਿੱਛਾ ਸੁੱਟ ਦਿੱਤਾ ਹੈ। 

ਇਹ ਵੀ ਪੜ੍ਹੋ- ਫਰੀਦਕੋਟ ਦੇ ਥਾਣੇ 'ਚ ਵਾਪਰੀ ਘਟਨਾ, ਮਹਿਲਾ ਸਬ-ਇੰਸਪੈਕਟਰ ਦੀ ਛਾਤੀ 'ਚ ਲੱਗੀ ਗੋਲ਼ੀ

ਕਬੱਡੀ ਖਿਡਾਰੀ ਦੀ ਪਤਨੀ ਨੇ ਕਿਹਾ ਕਿ ਸੁਰਜਨ ਸਿੰਘ ਦੀ ਗ੍ਰਿਫ਼ਤਾਰੀ ਲਈ ਮੈਂ ਖ਼ਾਸ ਤੌਰ 'ਤੇ ਮੁੱਖ ਮੰਤਰੀ ਮਾਨ ਤੇ ਉਨ੍ਹਾਂ ਦੀ ਪਤਨੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੇ ਪੁਲਸ ਪ੍ਰਸ਼ਾਸਨ ਦਾ ਵੀ, ਜਿਨ੍ਹਾਂ ਨੇ ਇਸ ਕਤਲ ਦੇ ਸਾਜਿਸ਼ਕਰਤਾ ਨੂੰ ਜੇਲ੍ਹ 'ਚ ਸੁੱਟਣ ਲਈ ਸਾਡੀ ਮਦਦ ਕੀਤੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਬਾਹਰ ਘੁੰਮ ਰਹੇ ਹੋਰ ਸਾਜਿਸ਼ਕਰਤਾਵਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਤਾਂ ਜੋ ਜਿਹੜੀ ਘਟਨਾ ਸਾਡੇ ਪਰਿਵਾਰ ਤੇ ਕਬੱਡੀ ਜਗਤ ਨਾਲ ਵਾਪਰੀ ਹੈ, ਉਹ ਕਿਸੇ ਹੋਰ ਪਰਿਵਾਰ ਨਾਲ ਨਾ ਵਾਪਰੇ। 

ਇਹ ਵੀ ਪੜ੍ਹੋ- ਸ. ਬਾਦਲ ਦੇ ਭੋਗ ਸਮਾਗਮ 'ਚ ਬੋਲੇ ਅਮਿਤ ਸ਼ਾਹ, ਸਿੱਖ ਪੰਥ ਨੇ ਆਪਣਾ ਇਕ ਸੱਚਾ ਸਿਪਾਹੀ ਖੋਹਿਆ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto