ਜਲੰਧਰ ਜ਼ਿਮਨੀ ਚੋਣ ਸੰਬਧੀ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਘੇਰੀ 'ਆਪ', ਕਹੀ ਇਹ ਗੱਲ

05/11/2023 6:39:03 PM

ਜਲੰਧਰ (ਵੈੱਬ ਡੈਸਕ)- 10 ਮਈ ਯਾਨੀ ਕਿ ਬੁੱਧਵਾਰ ਨੂੰ ਜਲੰਧਰ ਵਿਚ ਜ਼ਿਮਨੀ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹੀਆਂ। ਇਸ ਜ਼ਿਮਨੀ ਚੋਣ ਦੇ ਨਤੀਜੇ 13 ਮਈ ਨੂੰ ਐਲਾਨੇ ਜਾਣਗੇ। ਜ਼ਿਮਨੀ ਚੋਣ ਦੌਰਾਨ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੱਲੋਂ ਵੋਟ ਨਾ ਪਾਉਣ ਨੂੰ ਲੈ ਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਟਵਿਟਰ ’ਤੇ ਇਕ ਸੰਦੇਸ਼ ਪਾ ਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ ਪਰ ਇਸ ਦੇ ਬਾਵਜੂਦ ‘ਆਪ’ ਦੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਆਪਣੀ ਵੋਟ ਨਹੀਂ ਪਾਈ, ਜਿਸ ’ਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਟਿੱਪਣੀ ਕਰਦਿਆਂ ਕਿਹਾ ਕਿ ਜੇ ਸੰਸਦ ਮੈਂਬਰ ਹੀ ਮੁੱਖ ਮੰਤਰੀ ਦੀ ਗੱਲ ਨਹੀਂ ਸੁਣਨਗੇ ਤਾਂ ਪਾਰਟੀ ਵਰਕਰਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਇਹ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਟਵਿੱਟਰ ’ਤੇ ਪੋਸਟ ਸਾਂਝੀ ਕਰਦਿਆਂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਜਲੰਧਰ ਜ਼ਿਮਨੀ ਚੋਣ ਵਿਚ ਵੋਟ ਨਾ ਪਾਉਣਾ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਬ੍ਹ ਪੂਰਾ ਦਿਨ ਜਨਤਾ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਰਹੇ ਪਰ ਉਨ੍ਹਾਂ ਦੇ ਐੱਮ. ਪੀ. ਨੇ ਵੋਟ ਪਾਉਣੀ ਜ਼ਰੂਰੀ ਨਹੀਂ ਸਮਝੀ। ਸੁਭਾਸ਼ ਸ਼ੜਮਾ ਨੇ ਕਿਹਾ ਕਿ ਜਲੰਧਰ ਲੋਕ ਸਭਾ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ। ਪਾਰਟੀ ਨੇ ਚੋਣ ਪ੍ਰਚਾਰ ’ਚ ਪੂਰੀ ਤਾਕਤ ਲਾ ਦਿੱਤੀ। ਮੁੱਖ ਮੰਤਰੀ ਨੇ ਵੋਟਾਂ ਵਾਲੇ ਦਿਨ ਵਾਰ-ਵਾਰ ਟਵੀਟ ਕਰਕੇ ਆਪਣੇ ਵਰਕਰਾਂ ਦਾ ਹੌਂਸਲਾ ਵਧਾਇਆ। ਮੁੱਖ ਮੰਤਰੀ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਸੰਸਦ ਮੈਂਬਰ ਨੇ ਆਪਣੇ ਵੋਟ ਦੇਣ ਦੇ ਅਧਿਕਾਰ ਦੀ ਵਰਤੋਂ ਨਹੀਂ ਕੀਤੀ ਅਤੇ ਮੁੱਖ ਮੰਤਰੀ ਦੀ ਅਪੀਲ ਨੂੰ ਨਜ਼ਰਅੰਦਾਜ਼ ਕੀਤਾ। ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ’ਚ ਪੋਲਿੰਗ 55 ਫ਼ੀਸਦੀ ਦੇ ਕਰੀਬ ਰਹੀ, ਜਿਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਲੋਕਾਂ ਨੇ ਵੋਟਾਂ ਪਾਉਣ ਪ੍ਰਤੀ ਬਹੁਤਾ ਝੁਕਾਅ ਨਹੀਂ ਦਿਖਾਇਆ। ਜੇ ਮੁੱਖ ਮੰਤਰੀ ਦੀ ਅਪੀਲ ਨੂੰ ਉਨ੍ਹਾਂ ਦੇ ਸੰਸਦ ਮੈਂਬਰਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਤਾਂ ਆਮ ਵਰਕਰ ’ਤੇ ਇਸ ਦਾ ਕੀ ਅਸਰ ਪਵੇਗਾ?

ਜ਼ਿਕਰਯੋਗ ਹੈ ਕਿ ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਵੋਟਿੰਗ ਬੀਤੇ ਦਿਨ ਮੁਕੰਮਲ ਹੋਈ। ਜ਼ਿਮਨੀ ਚੋਣ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ. ਮਸ਼ੀਨਾਂ ’ਚ ਕੈਦ ਹੋ ਗਈ ਹੈ ਅਤੇ 13 ਮਈ ਨੂੰ ਗਿਣਤੀ ਵਾਲੇ ਦਿਨ ਫ਼ੈਸਲਾ ਹੋਵੇਗਾ ਕਿ ਜਲੰਧਰ ਦੀ ਜਨਤਾ ਨੇ ਕਿਸ ਨੇਤਾ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਹੈ।

ਇਹ ਵੀ ਪੜ੍ਹੋ: ਪਾਕਿ ’ਚ 3 ਖਾਲਿਸਤਾਨੀਆਂ ਦਾ ਹੋ ਚੁੱਕੈ ਸ਼ੱਕੀ ਕਤਲ, ਜਾਣਕਾਰ ਬੋਲੇ ਇਸਤੇਮਾਲ ਕਰਕੇ ਇਹੀ ਹਸ਼ਰ ਕਰਦੀ ਹੈ ISI

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri