ਪਾਣੀ ''ਚ ਡੁੱਬਾ ਬਹੁ ਕਰੋੜੀ ਰਾਜ ਮਾਰਗ

11/18/2017 11:36:12 AM

ਚੀਮਾ ਮੰਡੀ (ਗੋਇਲ)— ਕਸਬੇ 'ਚ ਪਾਣੀ ਦੀ ਨਿਕਾਸੀ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਕਾਰਨ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਪਾਣੀ ਕਰੋੜਾਂ ਰੁਪਏ ਦੀ ਲਾਗਤ ਨਾਲ ਹਾਲ ਹੀ 'ਚ ਬਣੇ ਰਾਜ ਮਾਰਗ 'ਤੇ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਜਿਥੇ ਸੜਕ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਉਥੇ ਸੜਕ ਕੋਲ ਬਣੀਆਂ ਦੁਕਾਨਾਂ ਦੇ ਮਾਲਕਾਂ ਤੇ ਆਮ ਜਨਤਾ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਜ਼ਿਕਰਯੋਗ ਹੈ ਕਿ ਸ਼ਹਿਰ 'ਚੋਂ ਗੁਜ਼ਰਦਾ ਭਵਾਨੀਗੜ੍ਹ ਤੋਂ ਕੋਟਸ਼ਮੀਰ ਵਾਲਾ ਰਾਜ ਮਾਰਗ 12 ਏ ਦੇ ਨਵੀਨੀਕਰਨ ਅਤੇ ਚੌੜਾ ਕਰਨ ਦਾ ਕੰਮ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ (ਭ ਅਤੇ ਮ ਸ਼ਾਖਾ) ਵੱਲੋਂ ਕੀਤਾ ਗਿਆ ਹੈ । ਸਥਾਨਕ ਚੌਕ ਕੋਲ ਇਕ ਪਾਸੇ ਸੜਕ ਦੇ ਕੰਢੇ ਜਮ੍ਹਾ ਪਾਣੀ ਸਬੰਧੀ ਰੋਸ ਪ੍ਰਗਟ ਕਰਦਿਆਂ ਦੁਕਾਨਦਾਰ ਆਗੂ ਬੀਰਬਲ ਬਾਂਸਲ, ਸੁਰੇਸ਼ ਕੁਮਾਰ ਖੀਵੇ ਵਾਲੇ, ਰੂਪ ਚੰਦ, ਭੂਸ਼ਣ ਕੁਮਾਰ, ਕੇਵਲ ਕ੍ਰਿਸ਼ਨ ਕਾਂਸਲ, ਸਤੀਸ਼ ਕੁਮਾਰ ਆਦਿ ਨੇ ਕਿਹਾ ਕਿ ਅਸੀਂ ਇਸ ਸਮੱਸਿਆ ਨੂੰ ਲੈ ਕੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਨਗਰ ਪੰਚਾਇਤ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ ।
ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਰੋੜਾਂ ਰੁਪਏ ਇਸ ਸੜਕ ਦੇ ਨਿਰਮਾਣ 'ਤੇ ਖਰਚ ਦਿੱਤੇ ਪਰ ਸੜਕ ਨੂੰ ਪਾਣੀ ਤੋਂ ਬਚਾਉਣ ਦਾ ਕੋਈ ਯੋਗ ਪ੍ਰਬੰਧ ਨਾ ਕਰਨਾ ਸਮਝ ਤੋਂ ਬਾਹਰ ਹੈ । ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਸੜਕ ਨੂੰ ਬਰਸਾਤੀ ਪਾਣੀ ਤੋਂ ਬਚਾਅ ਲਈ ਤੁਰੰਤ ਕਦਮ ਚੁੱਕੇ ਜਾਣ ।