ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੋਕ ਹਿੱਤ ''ਚ ਵੱਡਾ ਕਦਮ

11/18/2017 5:26:36 PM


ਮੋਗਾ (ਗਰੋਵਰ, ਗੋਪੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਹਿੱਤ 'ਚ ਵੱਡਾ ਕਦਮ ਚੁੱਕਦਿਆਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਲਾਊਡ ਵਿਧੀ 'ਤੇ ਆਧਾਰਿਤ ਨੈਸ਼ਨਲ ਜੈਨੇਰਿਕ ਡਾਕੂਮੈਂਟਸ ਰਜਿਸਟ੍ਰੇਸ਼ਨ ਸਿਸਟਮ (ਐੱਨ. ਜੀ. ਡੀ. ਆਰ. ਐੱਸ.) ਦੀ ਸ਼ੁਰੂਆਤ ਕੀਤੀ, ਜਿਸ ਨਾਲ ਹੁਣ ਮੋਗਾ ਅਤੇ ਆਦਮਪੁਰ ਦੇ ਤਹਿਸੀਲ ਦਫਤਰਾਂ ਵਿਖੇ ਆਨਲਾਈਨ ਰਜਿਸਟਰੀ ਹੋਇਆ ਕਰੇਗੀ।  ਤਹਿਸੀਲ ਦਫਤਰ ਮੋਗਾ ਵਿਖੇ ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਦੌਰਾਨ ਜ਼ਮੀਨ ਦੀ ਖਰੀਦ/ਵੇਚ ਦੀ ਆਨਲਾਈਨ ਰਜਿਸਟਰੀ ਕਰਨ ਦੀ ਸ਼ੁਰੂਆਤ ਸਮੇਂ ਕਮਿਸ਼ਨਰ ਫਿਰੋਜ਼ਪੁਰ ਡਵੀਜ਼ਨ ਸੁਮੇਰ ਸਿੰਘ ਗੁਰਜਰ ਅਤੇ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਮੌਜੂਦ ਸਨ। 
ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਪਹਿਲਕਦਮੀਆਂ ਸਰਕਾਰ ਦੇ ਨਾਗਰਿਕਾਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਣਾਲੀ ਹੋਣ ਕਰ ਕੇ ਜਿੱਥੇ ਰਜਿਸਟਰੀ ਅਤੇ ਹੋਰ ਦਸਤਾਵੇਜ਼ ਅਪਲੋਡ ਕਰਨ ਲਈ ਸਬੰਧਿਤ ਡਾਟੇ ਦੀ ਐਂਟਰੀ ਹੋਇਆ ਕਰੇਗੀ, ਉਥੇ ਹੀ ਐੱਨ. ਜੀ. ਡੀ. ਆਰ. ਐੱਸ. ਪ੍ਰੋਗਰਾਮ ਸਟੈਂਪ ਡਿਊਟੀ, ਰਜਿਸਟ੍ਰੇਸ਼ਨ ਫੀਸ ਅਤੇ ਕੁਲੈਕਟਰ ਰੇਟ 'ਤੇ ਆਧਾਰਿਤ ਫ਼ੀਸ ਦਾ ਹਿਸਾਬ-ਕਿਤਾਬ ਖੁਦ-ਬ-ਖੁਦ ਲਾ ਲਿਆ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਪ੍ਰੋਜੈਕਟ ਤਹਿਤ ਰਜਿਸਟਰੀਆਂ ਦਾ ਕੰਮ ਆਨਲਾਈਨ ਹੋਣ ਨਾਲ ਰਜਿਸਟ੍ਰੇਸ਼ਨ ਦੇ ਕੰਮ 'ਚ ਪਾਰਦਰਸ਼ਤਾ ਆਵੇਗੀ। ਇਸ ਮੌਕੇ ਜ਼ਮੀਨ ਖਰੀਦਣ ਤੇ ਵੇਚਣ ਵਾਲਿਆਂ ਦੀ ਮੌਜੂਦਗੀ 'ਚ ਆਨਲਾਈਨ ਰਜਿਸਟਰੀਆਂ ਕੀਤੀਆਂ ਗਈਆਂ ਅਤੇ ਮੌਕੇ 'ਤੇ ਹੀ ਖਰੀਦਦਾਰ ਨੂੰ ਨਕਲ ਦਿੱਤੀ ਗਈ। ਇਥੇ ਇਹ ਦੱਸਣਯੋਗ ਹੈ ਕਿ ਮੁਲਕ 'ਚ ਪੰਜਾਬ ਪਹਿਲਾ ਸੂਬਾ ਹੈ, ਜਿਥੇ ਐੱਨ. ਜੀ. ਡੀ. ਆਰ. ਐੱਸ. ਪ੍ਰੋਜੈਕਟ ਜੋ ਕਿ ਭਾਰਤ ਸਰਕਾਰ ਦਾ ਉੱਦਮ ਹੈ, ਨੂੰ ਲਾਗੂ ਕੀਤਾ ਗਿਆ ਹੈ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜੇਸ਼ ਤ੍ਰਿਪਾਠੀ ਅਤੇ ਮਾਲ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।