ਸਟੈਂਪ ਡਿਊਟੀ 'ਚ ਕੀਤੇ ਵਾਧੇ 'ਤੇ ਹਰਪਾਲ ਚੀਮਾ ਨੇ ਪੰਜਾਬ ਸਰਕਾਰ 'ਤੇ ਵਿੰਨ੍ਹਿਆਂ ਨਿਸ਼ਾਨਾ (ਵੀਡੀਓ)

10/18/2018 12:57:22 PM

ਸੰਗਰੂਰ(ਬਿਊਰੋ)— ਪੰਜਾਬ ਸਰਕਾਰ ਵਲੋਂ ਸਟੈਂਪ ਡਿਊਟੀ ਵਿਚ ਕੀਤੇ ਗਏ ਵਾਧੇ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਤੇ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸੰਗਰੂਰ ਵਿਚ ਪੰਜਾਬ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇਸ ਦੀਵਾਲੀ ਨੂੰ ਕਾਲੀ ਦੀਵਾਲੀ ਦੇ ਤੌਰ 'ਤੇ ਮਨਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਿਹਾ ਹੈ। ਕਿਉਂਕਿ ਪੰਜਾਬ ਸਰਕਾਰ ਪਿਛਲੇ ਕੁੱਝ ਸਮੇਂ ਤੋਂ ਪੰਜਾਬ ਦੇ ਵਿੱਤ ਦੀ ਖਸਤਾ ਹਾਲਤ ਦਾ ਬਹਾਨਾ ਬਣਾ ਕੇ ਲਗਾਤਾਰ ਲੋਕਾਂ 'ਤੇ ਟੈਕਸ ਥੋਪ ਰਹੀ ਹੈ। ਜਦੋਂਕਿ ਪੰਜਾਬ ਦੇ ਅਸਲ ਮੁੱਦਿਆਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਹੀ।

ਤੁਹਾਨੂੰ ਦੱਸ ਦੇਈਏ ਕਿ ਪੂਰੇ ਪੰਜਾਬ ਵਿਚ ਹਰ ਚੀਜ਼ 'ਤੇ ਟੈਕਸ ਕਾਰਨ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ, ਜਿਸ ਕਰਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆਂ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਸਟੈਂਪ ਡਿਊਟੀ ਵਿਚ ਵਾਧਾ ਕਰ ਦਿੱਤਾ ਗਿਆ ਹੈ। ਇਹ ਸਟੈਂਪ ਡਿਊਟੀ 17 ਚੀਜ਼ਾਂ 'ਤੇ ਵਧਾਈ ਗਈ ਹੈ।