ਮੁਕਤਸਰ ਦਾ ਕਾਲਜ, ਜਿੱਥੇ 54 ਆਸਾਮੀਆਂ 51 ਖਾਲ੍ਹੀ

06/25/2019 5:00:12 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਸਰਕਾਰ ਵਲੋਂ ਸੂਬੇ 'ਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ 'ਤੇ ਸੱਚਾਈ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਬਹੁਤੇ ਕਾਲਜਾਂ 'ਚ ਅਧਿਆਪਕਾਂ ਦੀ ਭਾਰੀ ਕਿੱਲਤ ਹੈ, ਕਿਉਂਕਿ ਸੂਬਾ ਸਰਕਾਰ ਨੇ 1996 ਤੋਂ ਬਾਅਦ ਅਧਿਆਪਕਾਂ ਦੀ ਭਰਤੀ ਹੀ ਨਹੀਂ ਕੀਤੀ। ਸ੍ਰੀ ਮੁਕਤਸਰ ਸਾਹਿਬ ਦਾ ਸਰਕਾਰੀ ਕਾਲਜ ਅਧਿਆਪਕਾਂ ਦੀ ਕਿੱਲਤ ਨਾਲ ਜੂਝ ਰਿਹਾ ਹੈ, ਜਿਸ 'ਚ ਕਰੀਬ 2400 ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਆਲਮ ਇਹ ਹੈ ਕਿ ਇਸ ਕਾਲਜ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਿਰਫ 3 ਅਧਿਆਪਕ ਹਨ, ਜੋ ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ 'ਚ ਬੀ.ਏ, ਬੀ.ਐੈੱਸ.ਸੀ. (ਮੈਡੀਕਲ ਅਤੇ ਨਾਨ ਮੈਡੀਕਲ), ਬੀ. ਕਾਮ ਅਤੇ ਐੱਮ.ਏ. 'ਚ ਵੱਖ-ਵੱਖ ਕੋਰਸਾਂ 'ਚ 980 ਸੀਟਾਂ ਪ੍ਰਦਾਨ ਕਰਦੇ ਹਨ। ਅਕਬੀਰ ਕੌਰ, ਕਾਰਜਵਾਹਕ ਪ੍ਰਿੰਸੀਪਲ ਨੇ ਕਿਹਾ ਕਿ ਇਸ ਕਾਲਜ 'ਚ ਕੁੱਲ 54 ਅਹੁਦੇ ਹਨ, ਜਿਨ੍ਹਾਂ 'ਚੋਂ 51 ਖਾਲੀ ਹਨ। ਸਾਡੇ ਕੋਲ ਬਹੁਤ ਚੰਗਾ ਬੁਨਿਆਦੀ ਢਾਂਚਾ ਹੈ ਪਰ ਸਰਕਾਰ ਨੇ ਲੰਬੇ ਸਮੇਂ ਤੋਂ ਨਿਯਮਿਤ ਅਧਿਆਪਕਾਂ ਦੀ ਭਰਤੀ ਨਹੀਂ ਕੀਤੀ। ਇਸ ਕਾਲਜ ਦੀ ਇਸ ਤਰਸਯੋਗ ਹਾਲਾਤਾਂ ਨੇ ਵਿਦਿਆਰਥੀਆਂ ਦੀ ਪੜਾਹੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।

ਇਸੇ ਤਰ੍ਹਾਂ ਜਲਾਲਾਬਾਦ ਲੜਕੀਆਂ ਦੇ ਕਾਲਜ 'ਚ ਵੀ ਸਟਾਫ ਦੀ ਘਾਟ ਪਾਈ ਜਾ ਰਹੀ ਹੈ। ਜਿਸ ਦੇ ਸਬੰਧ 'ਚ ਜਲਾਲਾਬਾਦ ਦੇ ਸਰਕਾਰੀ ਲੜਕੀਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸਾਗਰ ਕੁਮਾਰ ਨੇ ਕਿਹਾ ਕਿ ਇਥੇ 9 ਵਿਭਾਗ ਹਨ, ਜਿਥੋਂ ਦੀਆਂ ਸਾਰੀਆਂ ਅਸਾਮੀਆਂ ਖਾਲੀ ਹਨ। ਫਾਜ਼ਿਲਕਾ ਸਰਕਾਰੀ ਕਾਲਜ ਦੀ ਸਥਿਤੀ ਵੀ ਇਸ ਸਮੇਂ ਤਰਸਯੋਗ ਹੈ, ਜਿੱਥੋ ਦੀਆਂ ਕੁੱਲ 30 'ਚੋਂ 28 ਅਸਾਮੀਆਂ ਖਾਲੀ ਪਈਆਂ ਗਈਆਂ ਹਨ। ਫਾਜ਼ਿਲਕਾ ਕਾਲਜ ਦੇ ਪ੍ਰਿੰਸੀਪਲ ਰਾਜੇਸ਼ ਕਾਂਗਣਵਾਲ ਨੇ ਕਿਹਾ ਕਿ ਸਾਡੇ ਕਾਲਜ 'ਚ ਸਿਰਫ ਅਤੇ ਸਿਰਫ 2 ਅਧਿਆਪਕ ਹੀ ਰੈਗੂਲਰ ਹਨ ਅਤੇ ਇਸ ਸਥਿਤੀ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਕਰਨਾ ਸਾਡੇ ਲਈ ਬੜਾ ਮੁਸ਼ਕਲ ਹੋਵੇਗਾ। ਇਸੇ ਤਰ੍ਹਾਂ ਡੀ.ਐੱਮ.ਕਾਲਜ ਮੋਗਾ 'ਚ ਵੀ 45 ਸੈਕਸ਼ਨਾਂ ਵਾਲੇ 36 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ 9 ਅਧਿਆਪਕ ਰੈਗੂਲਰ ਹਨ।

ਦੱਸ ਦੇਈਏ ਕਿ ਕਾਲਜਾਂ 'ਚ ਨਿਯਮਤ ਸਟਾਫ ਦੀ ਕਮੀ ਹੋਣ ਕਾਰਨ ਕਾਲਜ ਦੇ ਅਧਿਕਾਰੀ ਗੈਸਟ ਫੈਕਲਟੀ ਲੈਕਚਰਾਰਾਂ 'ਤੇ ਨਿਰਭਰ ਹਨ, ਜਿਨ੍ਹਾਂ ਦੀ ਮਾਸਿਕ ਤਨਖਾਹ 21,600 ਰੁਪਏ ਹੁੰਦੀ ਹੈ। ਲੈਕਚਰਾਰਾਂ ਦੇ ਤਨਖਾਹ ਦੀ ਇਸ ਰਕਮ 'ਚੋਂ 10,000 ਰੁਪਏ ਸੂਬਾ ਸਰਕਾਰ ਵਲੋਂ ਦਿੱਤੇ ਜਾਂਦੇ ਹਨ ਅਤੇ 11,600 ਰੁਪਏ ਕਾਲਜ ਦੇ ਅਧਿਕਾਰੀਆਂ ਵਲੋਂ ਦਿੱਤੇ ਜਾਂਦੇ ਹਨ, ਜੋ ਉਹ ਪੀ.ਟੀ.ਏ ( ਮਾਤਾ-ਪਿਤਾ ਟੀਚਰਜ਼ ਐਸੋਸੀਏਸ਼ਨ) ਫੰਡਾਂ ਤੋਂ ਲੈਂਦੇ ਹਨ।

rajwinder kaur

This news is Content Editor rajwinder kaur