ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ : ਯਾਤਰੂ ਕੰਪਲੈਕਸ ਦਾ ਕੰਮ ਸ਼ੁਰੂ

06/22/2019 8:10:15 PM

ਡੇਰਾ ਬਾਬਾ ਨਾਨਕ (ਕੰਵਲਜੀਤ)— ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਸਬੰਧ 'ਚ ਬਣਨ ਵਾਲੇ ਯਾਤਰੂ ਕੰਪਲੈਕਸ ਦਾ ਕੰਮ ਅੱਜ ਪੂਜਾ ਅਰਚਨਾ ਕਰਨ ਉਪਰੰਤ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਨਿਲ ਬੰਬ, ਮੈਨੇਜਰ ਸੁਖਦੇਵ ਸਿੰਘ, ਜਨਰਲ ਮੈਨੇਜਰ ਦੀਪ, ਸੁਰਜੀਤ ਸਿੰਘ ਅਤੇ ਸੀਗਲ ਕੰਪਨੀ ਦੇ ਅਧਿਕਾਰੀ ਜਤਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ।

ਇਕ ਸਾਦੇ ਧਾਰਮਕ ਸਮਾਗਮ ਦੌਰਾਨ ਪੰਡਤ ਭੁਵਨ ਸ਼ਾਸਤਰੀ ਦੁਆਰਾ ਪੂਜਾ ਅਰਚਨਾ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਨਾਰੀਅਲ ਤੋੜ ਕੇ ਬਿਲਡਿੰਗ ਦੀਆਂ ਨੀਹਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਅਨਿਲ ਬੰਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਯਾਤਰੂ ਕੰਪਲੈਕਸ ਦਿਨ-ਰਾਤ ਕੰਮ ਕਰ ਕੇ 15 ਏਕੜ 'ਚ ਅਕਤੂਬਰ ਮਹੀਨੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਇਸ ਕੰਪਲੈਕਸ 'ਚ ਯਾਤਰੂਆਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਕੰਪਲੈਕਸ ਤਿਆਰ ਕਰ ਕੇ ਸਰਕਾਰ ਦੇ ਸਪੁਰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਨੂੰ ਹੋਰ ਵੀ ਤੇਜ਼ੀ ਨਾਲ ਕੀਤਾ ਜਾਵੇਗਾ ਤਾਂ ਜੋ ਨਵੰਬਰ 2019 ਨੂੰ ਮਨਾਏ ਜਾਣ ਵਾਲੇ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਇਸ ਨੂੰ ਮੁਕੰਮਲ ਕਰ ਲਿਆ ਜਾਵੇ।