ਸ੍ਰੀ ਹਜ਼ੂਰ ਸਾਹਿਬ ਜਾ ਰਹੀ ਟਰੇਨ ਦੇ ਸ਼ਰਧਾਲੂਆਂ ਵਲੋਂ ਹੰਗਾਮਾ

12/26/2019 4:42:11 PM

ਅੰਮ੍ਰਿਤਸਰ (ਛੀਨਾ) : ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੇ ਰੇਲ 'ਚ ਗੰਦਗੀ ਦੀ ਭਰਮਾਰ ਤੋਂ ਪਰੇਸ਼ਾਨ ਹੋ ਕੇ ਅੱਜ ਭੋਪਾਲ ਪਹੁੰਚਣ 'ਤੇ ਜ਼ੋਰਦਾਰ ਹੰਗਾਮਾ ਕਰਦਿਆਂ ਰੇਲਵੇ ਟਰੈਕ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧ 'ਚ ਭਰੋਸੇਯੋਗ ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ 25 ਦਸੰਬਰ ਨੂੰ ਸਵੇਰੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਈ ਟਰੇਨ ਨੰ.12716 ਸੱਚਖੰਡ ਐਕਸਪ੍ਰੈਸ 'ਚ ਸਫਰ ਕਰ ਰਹੇ ਸਿੱਖ ਸ਼ਰਧਾਲੂਆਂ ਸਮੇਤ ਬਾਕੀ ਮੁਸਾਫਰਾਂ ਨੇ ਟਾਇਲਟ ਬੇਹੱਦ ਗੰਦੇ ਹੋਣ ਕਾਰਨ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦੇ ਕੇ ਸਫਾਈ ਕਰਨ ਦੀ ਅਪੀਲ ਕੀਤੀ ਸੀ।

ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ ਸੀ, ਜਿਸ ਕਾਰਨ ਅੱਜ 26 ਦਸੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਜਦੋਂ ਟਰੇਨ ਭੋਪਾਲ ਵਿਖੇ ਪਹੁੰਚੀ ਤਾਂ ਸਿੱਖ ਸ਼ਰਧਾਲੂਆਂ ਦੇ ਰੋਸ ਦਾ ਲਾਵਾ ਫੁੱਟ ਪਿਆ ਅਤੇ ਉਨ੍ਹਾਂ ਨੇ ਟਰੇਨ ਦੇ ਅੱਗੇ ਟਰੈਕ 'ਤੇ ਬੈਠ ਕੇ ਰੇਲਵੇ ਵਿਭਾਗ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਸ਼ਰਧਾਲੂਆਂ ਨੇ ਕਿਹਾ ਕਿ ਟਰੇਨ ਦੀਆਂ ਬੋਗੀਆਂ 'ਚ ਟਾਇਲਟ ਇੰਨੇ ਭਰੇ ਹੋਏ ਹਨ ਕਿ ਉਨ੍ਹਾਂ ਦਾ ਪਾਣੀ ਓਵਰ ਫਲੋਅ ਹੋ ਕੇ ਬੋਗੀ ਦੀਆ ਸੀਟਾਂ ਤੱਕ ਪਹੁੰਚ ਰਿਹਾ ਹੈ, ਜਿਸ ਕਾਰਨ ਮੁਸਾਫਰਾਂ ਦੇ ਕਪੜਿਆਂ, ਖਾਣ-ਪੀਣ ਦੇ ਸਾਮਾਨ ਨਾਲ ਭਰੇ ਹੋਏ ਬੈਗ ਵੀ ਗੰਦੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਗੰਦਗੀ ਦੇ ਭਰੇ ਹੋਏ ਟਾਇਲਟਾਂ ਦੇ ਬਾਰੇ 'ਚ ਅੰਮ੍ਰਿਤਸਰ ਤੋਂ ਹੀ ਸਬੰਧਤ ਅਧਿਕਾਰੀਆ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਪਰ ਕਿਸੇ ਨੇ ਵੀ ਮੁਸਾਫਰਾਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦਿੱਤਾ। ਇਸ ਮੌਕੇ 'ਤੇ ਸਿੱਖ ਸ਼ਰਧਾਲੂਆ ਅਤੇ ਮੁਸਾਫਰਾਂ ਨੇ ਕਰੀਬ ਅੱਧਾ ਘੰਟਾਂ ਰੇਲਵੇ ਟਰੇਕ 'ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਰੋਸ ਸ਼ਾਂਤ ਕਰਨ ਲਈ ਰੇਲਵੇ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਸਾਰੀ ਟਰੇਨ 'ਚ ਤੁਰੰਤ ਸਫਾਈ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਨੇ ਧਰਨਾ ਚੁੱਕਵਾਇਆ, ਜਿਸ ਤੋਂ ਬਾਅਦ ਹੀ ਟਰੇਨ ਆਪਣੇ ਅਗਲੇ ਸਫਰ ਵੱਲ ਵੱਧ ਸਕੀ।

Anuradha

This news is Content Editor Anuradha