ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਪੁਲਸ ਵਲੋਂ ਸਖ਼ਤ ਘੇਰਾਬੰਦੀ, ਨਹੀਂ ਆ ਸਕੀਆਂ ਸੰਗਤਾਂ (ਤਸਵੀਰਾਂ)

04/15/2020 10:45:59 AM

ਅੰਮ੍ਰਿਤਸਰ (ਅਣਜਾਣ) - ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ’ਚ ਵੱਧਦਾ ਦੀ ਜਾ ਰਿਹਾ ਹੈ। ਇਸ ਕਹਿਰ ਦੇ ਸਦਕਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਕਡਾਊਨ ਨੂੰ 3 ਮਈ ਤੱਕ ਹੋਰ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸਾਖੀ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਘੇਰਾਬੰਦੀ ਹੋਰ ਵੀ ਜ਼ਿਆਦਾ ਸਖਤ ਕਰ ਦਿੱਤੀ ਹੈ। ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਲਾਏ ਸਖ਼ਤ ਨਾਕਿਆਂ ਦੌਰਾਨ ਸੰਗਤਾਂ ਆਪਣੇ ਘਰਾਂ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਇਸ ਦੌਰਾਨ ਜੋ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਈਆਂ ਸਨ, ਉਨ੍ਹਾਂ ਨੂੰ ਵੀ ਮਨ ’ਚ ਉਦਾਸੀ ਲੈ ਕੇ ਵਾਪਸ ਜਾਣਾ ਪਿਆ।

ਪੜ੍ਹੋ ਇਹ ਵੀ ਖਬਰ - ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

ਗੁ. ਸ਼ਹੀਦ ਗੰਜ ਸਾਹਿਬ ਅਤੇ ਹੋਰ ਗੁਰਦੁਆਰਿਆਂ ’ਚ ਛਾਈ ਰਹੀ ਸੁੰਨਸਾਨ :
ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਗੁ. ਸ਼ਹੀਦ ਗੰਜ ਸਾਹਿਬ, ਗੁ. ਬਾਬਾ ਅਟੱਲ ਰਾਏ ਸਾਹਿਬ, ਗੁ. ਬੀਬੀ ਕੌਲਾਂ ਜੀ, ਗੁ. ਬਾਬਾ ਬੋਤਾ ਜੀ ਬਾਬਾ ਗਰਜਾ ਜੀ, ਗੁ. ਸ੍ਰੀ ਰਾਮਸਰ ਸਾਹਿਬ, ਗੁ. ਸ੍ਰੀ ਬਿਬੇਕਸਰ ਸਾਹਿਬ ਅਤੇ ਬਾਕੀ ਗੁਰਦੁਆਰਾ ਸਾਹਿਬਾਨ ਵਿਖੇ ਸੰਗਤਾਂ ਦੀ ਆਮਦ ਜ਼ੀਰੋ ਦੇ ਬਰਾਬਰ ਹੋਣ ਕਾਰਨ ਬਿਲਕੁਲ ਸੁੰਨਸਾਨ ਛਾਈ ਰਹੀ। ਸੱਚਖੰਡ ਅਤੇ ਬਾਕੀ ਗੁਰਦੁਆਰਾ ਸਾਹਿਬਾਨ ਵਿਖੇ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਮਰਿਆਦਾ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ, ਰਾਗੀ ਸਿੰਘ, ਸੇਵਾਦਾਰ ਅਤੇ ਤਿੰਨ ਪਹਿਰ ਦੀਆਂ ਸੰਗਤਾਂ ਨੇ ਸੰਭਾਲੀ ਰੱਖੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੁਪਹਿਰ ਸਮੇਂ ਗ੍ਰੰਥੀ ਸਿੰਘਾਂ ਵਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਹੋਣ ਕਾਰਣ ਗੁ. ਟਾਹਲੀ ਸਾਹਿਬ ਸੰਤੋਖਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।

ਗੁਰੂ ਰਾਮਦਾਸ ਲੰਗਰ ਹਾਲ ਸੰਗਤਾਂ ਨੂੰ ਲੰਗਰ ਛਕਣ ਲਈ ਰਿਹਾ ਉਡੀਕਦਾ :
ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਜਿਥੇ ਆਮ ਦਿਨਾਂ ’ਚ ਵੀ ਤਕਰੀਬਨ ਇਕ ਤੋਂ ਡੇਢ ਲੱਖ ਤੱਕ ਦੇਸ਼-ਵਿਦੇਸ਼ ਤੋਂ ਸੰਗਤਾਂ ਲੰਗਰ ਛਕ ਕੇ ਤ੍ਰਿਪਤ ਹੋ ਕੇ ਜਾਂਦੀਆਂ ਸਨ, ਅੱਜ ਸਾਰਾ ਦਿਨ ਲੰਗਰ ਛਕਣ ਵਾਲੀਆਂ ਸੰਗਤਾਂ ਦੀ ਉਡੀਕ ਕਰਦਾ ਰਿਹਾ। ਕੋਈ ਇੱਕਾ-ਦੁੱਕਾ ਸੰਗਤਾਂ ਹੀ ਲੰਗਰ ਛਕਣ ਆਈਆਂ ਤੇ ਬਾਕੀ ਹਾਲ ਖਾਲੀ ਪਿਆ ਰਿਹਾ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਵੱਖ-ਵੱਖ ਇਲਾਕਿਆਂ ’ਚ ਸੰਗਤਾਂ ਲਈ ਲੰਗਰ ਪਹੁੰਚਾਇਆ ਗਿਆ।

ਗੁਰੂ ਰਾਮਦਾਸ ਸਰਾਂ ਅਤੇ ਘੰਟਾ ਘਰ ਪ੍ਰਵੇਸ਼ ਦੁਆਰ ’ਤੇ ਲੱਗੀਆਂ ਸੈਨੀਟਾਈਜ਼ਰ ਟਨਲ ਮਸ਼ੀਨਾਂ :
ਕੋਰੋਨਾ ਕਾਰਣ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਘੰਟਾ ਘਰ ਵਾਲੀ ਬਾਹੀ ਅਤੇ ਸ੍ਰੀ ਗੁਰੂ ਰਾਮਦਾਸ ਸਰਾਂ ਵਿਖੇ ਸੈਨੀਟਾਈਜ਼ਰ ਟਨਲ ਮਸ਼ੀਨਾਂ ਲਾ ਦਿੱਤੀਆਂ ਗਈਆਂ ਹਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਆਉਣ-ਜਾਣ ਵਾਲਾ ਸ਼ਰਧਾਲੂ ਇਨ੍ਹਾਂ ਟਨਲ ਮਸ਼ੀਨਾਂ ’ਚੋਂ ਸੈਨੀਟਾਈਜ਼ ਹੋ ਕੇ ਗੁਜ਼ਰੇਗਾ।


 

rajwinder kaur

This news is Content Editor rajwinder kaur