ਅਮਰੀਕਾ ''ਚ ਆਇਰਨ ਮੈਨ ਬਣੇ ਸੁਖਰੀਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

12/01/2018 6:49:19 PM

ਅੰਮ੍ਰਿਤਸਰ (ਦੀਪਕ) : ਅਮਰੀਕਾ ਦੇ ਫਲੋਰਿਡਾ ਵਿਖੇ ਆਪਣੀ ਹਿੰੰਮਤ ਸਦਕਾ ਆਇਰਨ ਮੈਨ (ਲੋਹ ਪੁਰਸ਼) ਬਣੇ ਗੁਰਸਿੱਖ ਨੌਜਵਾਨ ਸੁਖਰੀਤ ਸਿੰਘ ਨੇ ਸ਼ਨੀਵਾਰ ਨੂੰ ਆਪਣੀਆਂ ਪ੍ਰਾਪਤੀਆਂ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਪਿਤਾ ਨਰਿੰਦਰ ਸਿੰਘ ਨਾਲ ਸੱਚਖੰਡ ਪਹੁੰਚੇ ਸੁਖਰੀਤ ਸਿੰਘ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੇ ਪੁੱਤਰ ਸੁਖਰੀਤ ਸਿੰਘ ਨੇ ਫਲੋਰਿਡਾ ਵਿਖੇ ਕਰਵਾਈ ਗਈ ਵੱਕਾਰੀ ਖੇਡ ਵਿਚ ਮਾਣਮੱਤੀ ਪ੍ਰਾਪਤੀ ਕਰਕੇ 'ਆਇਰਨ ਮੈਨ ਆਫ਼ ਫਲੋਰਿਡਾ' ਦਾ ਵੱਕਾਰੀ ਖਿਤਾਬ ਹਾਸਲ ਕੀਤਾ ਹੈ। ਇਸ ਖੇਡ ਤਹਿਤ ਪਹਿਲਾਂ ਪਾਣੀ ਵਿਚ ਤੈਰਨਾ, ਫਿਰ ਸਾਈਕਲ ਚਲਾਉਣ ਅਤੇ ਫਿਰ ਲੰਮੀ ਦੌੜ ਵਿਚ ਸ਼ਮੂਲੀਅਤ ਕਰਨੀ ਪੈਂਦੀ ਹੈ। ਸੁਖਰੀਤ ਸਿੰਘ ਨੇ ਇਸ ਮੁਕਾਬਲੇ ਦੌਰਾਨ ਪਾਣੀ ਵਿਚ 4 ਕਿਲੋਮੀਟਰ ਦੀ ਤੈਰਾਕੀ ਕੀਤੀ, 180 ਕਿਲੋਮੀਟਰ ਸਾਈਕਲ ਚਲਾਇਆ ਅਤੇ ਫਿਰ 42 ਕਿਲੋਮੀਟਰ ਦੌੜ ਲਗਾਈ। ਕਿਸੇ ਗੁਰਸਿੱਖ ਨੌਜਵਾਨ ਵੱਲੋਂ ਇਹ ਪਹਿਲੀ ਪ੍ਰਾਪਤੀ ਹੈ।