ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਦਰਬਾਰ ਸਾਹਿਬ ਜਗਾਏ ਜਾਣਗੇ 4 ਲੱਖ ਦੀਵੇ

10/17/2018 4:35:59 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਐੱਸ.ਜੀ.ਪੀ.ਸੀ. ਨੇ ਹਰਿਮੰਦਰ ਸਾਹਿਬ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਰੋਵਰ 'ਚ 4 ਲੱਖ ਦੀਵੇ ਜਲਾਏ ਜਾਣਗੇ ਜੋ ਇਕ ਵੱਖਰੀ ਦਿੱਖ ਪੇਸ਼ ਕਰਨਗੇ। ਇਸ ਨੂੰ ਲੈ ਕੇ ਸੰਗਤਾਂ ਤੇ ਕਾਰੀਗਰਾਂ ਵਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 

ਦੱਸਿਆ ਜਾ ਰਿਹਾ ਹੈ ਕਿ ਐੱਸ.ਜੀ.ਪੀ.ਸੀ. ਵਲੋਂ ਪਹਿਲਾਂ ਪੂਰੇ ਸਰੋਵਰ ਨੂੰ ਕਵਰ ਕਰਕੇ ਦੀਵੇ ਜਲਾਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਸੰਗਤ ਨੂੰ ਸਰੋਵਰ 'ਚ ਇਸ਼ਨਾਨ ਕਰਨ 'ਚ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸੰਗਤ ਲਈ ਇਸ਼ਨਾਨ ਕਰਨ ਦੀ ਜਗ੍ਹਾ ਵੱਖਰੀ ਛੱਡ ਦਿੱਤੀ ਗਈ ਹੈ। 

ਦੱਸ ਦਈਏ ਕਿ 26 ਅਕਤੂਬਰ ਨੂੰ ਦੇਸ਼ਾਂ ਵਿਦੇਸ਼ਾਂ 'ਚ ਚੌਥੀ ਪਾਤਸ਼ਾਹੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।