'ਬਾਬੇ ਨਾਨਕ' ਦੇ ਪ੍ਰਕਾਸ਼ ਪੁਰਬ 'ਤੇ 50 ਕੁਇੰਟਲ ਫੁੱਲਾਂ ਤੇ ਲਾਈਟਾਂ ਨਾਲ ਸਜਾਇਆ ਗਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ

11/17/2021 3:48:29 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ)- ਸਿੱਖ ਧਰਮ ਦੇ ਬਾਨੀ, ਮਨੁੱਖਤਾ ਦੇ ਰਹਿਬਰ, ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ 552ਵੇਂ ਪ੍ਰਕਾਸ਼ ਪੁਰਬ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ ਹਨ। ਇਸ ਸਬੰਧ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰ ਸਮੂਹ ਗੁਰਦੁਆਰਾ ਸਾਹਿਬਾਨ ਦੀ ਸਜਾਵਟ ਰੰਗ-ਬਰੰਗੀਆਂ ਲਾਈਟਾਂ ਦੀਆਂ ਲੜੀਆਂ ਨਾਲ ਕੀਤੀ ਜਾ ਰਹੀ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਦਰਸ਼ਨੀ ਡਿਊੜੀ, ਮੁੱਖ ਦਰਬਾਰ ਸਾਹਿਬ ਕੰਪਲੈਕਸ, ਫਰੰਟ ਸਾਈਡਾਂ ਅਤੇ ਗੁਰਦੁਆਰਾ ਸਾਹਿਬ ਦੇ ਮੇਨ ਦਰਵਾਜ਼ਿਆਂ ਤੋਂ ਇਲਾਵਾ ਭਾਈ ਮਰਦਾਨਾ ਜੀ ਦੀਵਾਨ ਹਾਲ, ਬੇਬੇ ਨਾਨਕੀ ਨਿਵਾਸ, ਮਾਤਾ ਸੁਲੱਖਣੀ ਜੀ ਨਿਵਾਸ, ਦਫ਼ਤਰੀ ਕੰਪਲੈਕਸ ਅਤੇ ਮੁੱਖ ਗੁਰੂ ਕਾ ਲੰਗਰ ਹਾਲ ਆਦਿ ਥਾਵਾਂ ਨੂੰ ਇਸ ਤਰ੍ਹਾਂ ਸਜਾਇਆ ਗਿਆ ਹੈ ਕਿ ਹਰ ਸ਼ਰਧਾਲੂ ਦਾ ਮਨ ਮੋਹਿਆ ਜਾ ਰਿਹਾ ਹੈ।


ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਦਿੱਲੀ ਅਤੇ ਹੋਰ ਥਾਵਾਂ ਤੋਂ ਮੰਗਵਾਏ ਡੇਢ ਦਰਜਨ ਤਰ੍ਹਾਂ ਦੇ ਪ੍ਰਮੁੱਖ ਖ਼ੁਸ਼ਬੂਦਾਰ ਤਾਜੇ ਫੁੱਲਾਂ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਸਜਾਵਟ ਕੀਤੀ ਗਈ ਹੈ। ਇਸ ਸਬੰਧੀ ਤਾਜੇ ਫੁੱਲ ਲਗਾ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਸਾਹਿਬ ਅਤੇ ਦੀਵਾਨ ਹਾਲ 'ਚ ਤਿਆਰ ਕੀਤੀ ਵੱਡੀ ਸਟੇਜ ਨੂੰ ਸਜਾਉਣ ਦੀ ਸੇਵਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਵੱਲੋਂ ਕਰਵਾਈ ਜਾ ਰਹੀ ਹੈ। 


ਇਸ ਸਮੇਂ ਉਨ੍ਹਾਂ ਨਾਲ ਸੇਵਾ ਲਈ ਭਾਈ ਕੰਵਲਨੈਨ ਸਿੰਘ ਕੇਨੀ, ਨੰਬਰਦਾਰ ਸੁਰਿੰਦਰਪਾਲ ਸਿੰਘ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਭੁਪਿੰਦਰ ਸਿੰਘ ਰਿਕਾਰਡ ਕੀਪਰ ਅਤੇ ਬਲਜੀਤ ਸਿੰਘ ਆਦਿ ਵੀ ਸਨ। 


ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਰੋਡੇ ਨੇ ਦੱਸਿਆ ਕਿ ਦਿੱਲੀ ਦੇ ਵਪਾਰੀ ਸ਼ਰਧਾਲੂ ਨਿੱਕਾ ਜੁਨੇਜਾ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਸਜਾਵਟ ਲਈ ਤਕਰੀਬਨ 50 ਕੁਇੰਟਲ ਫੁੱਲਾਂ ਦੀ ਸੇ‍ਵਾ ਸ਼ਰਧਾ ਨਾਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਮਾਹਿਰਾਂ ਅਨੁਸਾਰ ਇਹਨਾਂ ਫੁੱਲਾਂ 'ਚ ਗੁਲਾਬ , ਗੇਂਦਾ , ਗੋਦਾਵਰੀ, ਓਰਕਿਟ, ਕੋਰਨੇਸ਼ਨ, ਟਿਊਬਰੋਜ, ਲਿੱਲੀ, ਹੈਲਕੋਨੀਆਂ, ਬੀ. ਓ. ਪੀ, ਸਿਕਸੀਪਨ, ਜਰਵਰਾ, ਗਲਾਈਡ, ਬਰਾਸੀਕਾ ਆਦਿ ਹੋਰ ਕਈ ਪ੍ਰਕਾਰ ਦੇ ਤਾਜੇ ਫੁੱਲ ਸ਼ਾਮਲ ਹਨ, ਜੋ ਵੰਨ-ਸਵੰਨੀ ਖ਼ੁਸ਼ਬੂ ਸੰਗਤਾਂ ਨੂੰ ਵੰਡਣਗੇ ਅਤੇ ਸਜਾਵਟ ਨੂੰ ਵੀ ਚਾਰ ਚੰਨ ਲਗਾਉਣਗੇ।

ਇਸ ਸਮੇਂ 28 ਮਾਹਿਰ ਕਾਰੀਗਰ ਫੁੱਲਾਂ ਨਾਲ ਗੁਰਦੁਆਰਾ ਸਾਹਿਬ ਤੇ ਵੱਖ ਵੱਖ ਥਾਵਾਂ ਨੂੰ ਸਜਾਉਣ ਲਈ ਲਗਾਏ ਗਏ ਸਨ , ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਤੇ ਬਾਹਰੋਂ ਬਹੁਤ ਸੁੰਦਰ ਦ੍ਰਿਸ਼ ਬਣਾ ਕੇ ਪੇਸ਼ ਕੀਤੇ ਗਏ। ਮੈਨੇਜਰ ਸਾਹਿਬ ਨੇ ਦੱਸਿਆ ਕਿ ਮਿਤੀ 18 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। 

shivani attri

This news is Content Editor shivani attri