ਕਰਤਾਰਪੁਰ ਕੋਰੀਡੋਰ ਰਾਹੀਂ ਪਾਕਿ ਜਾਣ ਵਾਲਾ ਪਹਿਲਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਰਵਾਨਾ (ਵੀਡੀਓ)

02/22/2020 3:58:42 PM

ਸੁਲਤਾਨਪੁਰ ਲੋਧੀ (ਸੋਢੀ, ਰਣਦੀਪ ਸਿੰਘ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਅੱਜ 2020 ਦਾ ਪਹਿਲਾ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਇਆ।

ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਸਜਾਏ ਗਏ ਇਸ ਮਹਾਨ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਰਜੀਤ ਸਿੰਘ ਸਭਰਾਅ ਨੇ ਕੀਤੀ।

ਜਾਣਕਾਰੀ ਅਨੁਸਾਰ ਇਹ ਨਗਰ ਕੀਤਰਨ ਨਿਰੋਲ ਸੇਵਾ ਸੰਸਥਾ ਧੂਰਕੋਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕੱਢਿਆ ਜਾ ਰਿਹਾ ਹੈ। ਇਸ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਜਥੇ ਜਰਨੈਲ ਸਿੰਘ ਡੋਗਰਾਵਾਲ, ਜਥੇ ਸਰਵਨ ਸਿੰਘ ਕੁਲਾਰ, ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਸਤਨਾਮ ਸਿੰਘ ਰਿਆੜ, ਐਡੀਸ਼ਨਲ ਮੈਨੇਜਰ ਸਰਬਜੀਤ ਸਿੰਘ ਧੂੰਦਾ, ਮੀਤ ਮੈਨੇਜਰ ਕੁਲਵੰਤ ਸਿੰਘ, ਇੰਜੀਨੀਅਰ ਸਵਰਨ ਸਿੰਘ, ਸੱਜਣ ਸਿੰਘ ਚੀਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਕੀਰਤਨੀ ਜਥੇ, ਬੈਂਡ-ਵਾਜੇ, ਗੁਰੂ ਦੀਆਂ ਲਾਡਲੀਆਂ ਫੌਜਾਂ ਅਤੇ ਹੋਰ ਸਮੂਹ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ। ਇਸ ਸਮੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਨਨਕਾਣਾ ਸਾਹਿਬ , (ਪਾਕਿਸਤਾਨ) ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਸੁੰਦਰ ਮਾਡਲ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਇਸ ਨਗਰ ਕੀਰਤਨ 'ਚ ਸ਼ਾਮਲ ਹਾਥੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।

7 ਮਾਰਚ ਨੂੰ ਪਾਕਿ ਪਹੁੰਚੇਗਾ ਵਿਸ਼ਾਲ ਨਗਰ ਕੀਰਤਨ
ਇਹ ਵਿਸ਼ਾਲ ਨਗਰ ਕੀਰਤਨ ਚੜ੍ਹਦੇ ਪੰਜਾਬ ਦੇ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਗੁਰਦੁਆਰਾ ਸਾਹਿਬ ਪੱਟੀ, ਗੁਰਦੁਆਰਾ ਜਾਮਨੀ ਸਾਹਿਬ, ਗੁਰਦੁਆਰਾ ਪਾਤਸ਼ਾਹੀ ਦਸਵੀਂ ਢਿੱਲਵਾਂ, ਗੁਰਦੁਆਰਾ ਸਾਹਿਬ ਕੋਟਭਾਈ, ਗੁਰਦੁਆਰਾ ਸ੍ਰੀ ਹਾਜੀਰਤਨ ਸਾਹਿਬ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨਾਭਾ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ, ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਅਤੇ ਹੋਰ ਵੀ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ 7 ਮਾਰਚ 2020 ਨੂੰ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇਗਾ।

ਇਨ੍ਹਾਂ ਸ਼ਖਸੀਅਤਾਂ ਦਾ ਕੀਤਾ ਗਿਆ ਸਨਮਾਨ
ਸਮੂਹ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਦੇ ਮੁੱਖ ਪ੍ਰਬੰਧਕ ਡਾ. ਜਗਦੀਪ ਸਿੰਘ ਕਾਲਾ ਸੋਢੀ ਸਮੇਤ ਹੋਰ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ ਦਾ ਪੁਲ ਚੌਕ ਨੇੜੇ ਪਹੁੰਚਣ 'ਤੇ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਸਾਥੀਆਂ ਸਮੇਤ ਭਰਵਾਂ ਸਵਾਗਤ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਜਗਦੀਪ ਸਿੰਘ ਕਾਲਾ ਸੋਢੀ ਨੇ ਦੱਸਿਆ ਕਿ ਸਜਾਏ ਗਏ ਇਸ ਨਗਰ ਕੀਰਤਨ ਦਾ ਮੁੱਖ ਮਕਸਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਅਤੇ ਪਸਾਰ ਕਰਨਾ ਹੈ।


shivani attri

This news is Content Editor shivani attri