ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਖਿੱਚ ਦਾ ਕੇਂਦਰ ਬਣਿਆ ਇਹ 'ਬੋਰੀਆਂ ਵਾਲਾ ਬਾਬਾ' (ਵੀਡੀਓ)

11/17/2019 6:32:15 PM

ਕਪੂਰਥਲਾ (ਓਬਰਾਏ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ 70 ਲੱਖ ਤੋਂ ਵੱਧ ਲੋਕ ਸੁਲਤਾਨਪੁਰ ਲੋਧੀ ਮੱਥਾ ਟੇਕਣ ਪਹੁੰਚੇ। ਇਸ ਦੇ ਨਾਲ ਹੀ ਹਜ਼ਾਰਾਂ ਦੀ ਗਿਣਤੀ 'ਚ ਧਾਰਮਿਕ ਆਗੂ ਅਤੇ ਸੰਤ ਵੀ ਪਹੁੰਚੇ ਪਰ ਇਸ ਦੌਰਾਨ ਰਾਜਸਥਾਨ ਤੋਂ ਆਇਆ ਇਕ ਬਾਬਾ ਲੋਕਾਂ 'ਚ ਖਿੱਚ ਦਾ ਕੇਂਦਰ ਬਣਿਆ ਰਿਹਾ। ਬਾਬੇ ਦਾ ਪਹਿਰਾਵਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ। ਲੋਕਾਂ ਨੂੰ ਇਸ ਬਾਬੇ ਦੇ ਪਹਿਰਾਵੇ ਦਾ ਕਾਰਨ ਜਾਣਨ ਦੀ ਉਤਸੁਕਤਾ ਰਹੀ।


ਦੱਸਣਯੋਗ ਹੈ ਕਿ ਆਕਰਸ਼ਣ ਦਾ ਕੇਂਦਰ ਬਣਿਆ ਇਹ ਬਾਬਾ ਬੋਰੀਆਂ ਦਾ ਬਣਿਆ ਹੋਇਆ ਖਾਸ ਪਹਿਰਾਵਾ ਪਾਉਂਦਾ ਹੈ ਅਤੇ ਬੋਰੀ ਦੀ ਹੀ ਦਸਤਾਰ ਸਜਾਉਂਦਾ ਹੈ। ਬਾਬਾ ਕਰਨ ਸਿੰਘ ਨੇ ਦੱਸਿਆ ਕਿ ਉਸ ਨੇ 38 ਸਾਲਾਂ ਤੋਂ ਉਸ ਨੇ ਕਦੇ ਕੋਈ ਜੁੱਤੀ ਨਹੀਂ ਪਾਈ ਅਤੇ ਨਾ ਹੀ ਅੰਨ ਦਾ ਕੋਈ ਦਾਣਾ ਖਾਧਾ ਹੈ। ਉਹ ਸਿਰਫ ਹਰੀਆਂ ਸਬਜ਼ੀਆਂ ਅਤੇ ਫਲਾਂ ਦੇ ਸਹਾਰੇ ਜੀਅ ਰਿਹਾ ਹੈ।ਬਾਬੇ ਮੁਤਾਬਕ ਇਸ ਦੇ ਪਿੱਛੇ ਉਸ ਦਾ ਖਾਲਸੇ ਦੇ ਰਾਜ ਨੂੰ ਲੈ ਕੇ ਕੀਤਾ ਗਿਆ ਸੰਕਲਪ ਹੈ। ਗੱਲਬਾਤ ਦੌਰਾਨ ਬਾਬੇ ਨੇ ਦੱਸਿਆ ਕਿ ਜਦੋਂ ਤੱਕ ਖਾਲਸੇ ਦਾ ਰਾਜ ਨਹੀਂ ਆਵੇਗਾ ਤਾਂ ਉਦੋਂ ਤੱਕ ਉਹ ਇੰਝ ਹੀ ਜ਼ਿੰਦਗੀ ਬਤੀਤ ਕਰਨਗੇ। ਇਸ ਮੌਕੇ ਬਾਬੇ ਨੇ ਦੱਸਿਆ ਕਿ ਉਹ ਕਿਸਮਤ ਵਾਲੇ ਹਨ ਕਿ ਉਨ੍ਹਾਂ ਨੂੰ ਬਾਬੇ ਨਾਨਕ ਦੀ ਨਗਰੀ 'ਚ ਆਉਣ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਵਾਰ ਇਸ ਪਵਿੱਤਰ ਨਗਰੀ 'ਚ ਨਤਮਸਤਕ ਹੋਏ ਹਨ।


ਬਾਬੇ ਦੀ ਅਨੋਖੀ ਪੁਸ਼ਾਕ ਨੂੰ ਦੇਖ ਕੇ ਸੰਗਤ ਬੜੇ ਚਾਅ ਨਾਲ ਬਾਬੇ ਨਾਲ ਤਸਵੀਰਾਂ ਖਿੱਚਵਾਉਂਦੀ ਅਤੇ ਸੈਲਫੀਆਂ ਲੈਂਦੀ ਨਜ਼ਰ ਆਈ। ਬਾਬੇ ਦੀ ਇਸ ਪੋਸ਼ਾਕ ਨੂੰ ਦੇਖ ਕੇ ਸੰਗਤਾਂ ਵੱਲੋਂ 550 ਸਾਲਾ ਸ਼ਤਾਬਦੀ ਮੈਡਲ ਦੇ ਕੇ ਸਨਮਾਨਤ ਵੀ ਕੀਤਾ ਹੈ। ਦੇਸ਼ ਵਿਦੇਸ਼ ਤੋਂ ਆਈ ਸੰਗਤ ਬਾਬੇ ਦੀ ਇਸ ਤਪੱਸਿਆ ਅਤੇ ਸੰਕਲਪ ਤੋਂ ਦੰਗ ਰਹਿ ਗਈ ਹੈ।

shivani attri

This news is Content Editor shivani attri