ਲਾਈਟਾਂ ਨਾਲ ਰੁਸ਼ਨਾਇਆ ਸੁਲਤਾਨਪੁਰ ਲੋਧੀ, ਸੰਗਤਾਂ ਨੇ ਵੇਖੇ ਬਾਬੇ ਨਾਨਕ ਦੇ ਜੀਵਨ ਬਿਰਤਾਂਤ (ਤਸਵੀਰਾਂ)

11/13/2019 6:24:40 PM

ਸੁਲਤਾਨਪੁਰ ਲੋਧੀ (ਧੀਰ, ਸੋਢੀ, ਜੋਸ਼ੀ)—550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇਥੇ ਕਰਵਾਏ ਜਾ ਰਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ 'ਚ ਮੰਗਲਵਾਰ ਦੀ ਸ਼ਾਮ ਹਜ਼ਾਰਾਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਸਟੇਜ 'ਤੇ ਰੂਪਮਾਨ ਹੁੰਦਾ ਵੇਖਿਆ। ਆਵਾਜ਼ ਤੇ ਰੋਸ਼ਨੀਆਂ 'ਤੇ ਆਧਾਰਤ ਇਸ ਪ੍ਰੋਗਰਾਮ ਦੇ ਅੱਜ ਦੋ ਸ਼ੋਅ ਹੋਏ ਅਤੇ ਦੋਨਾਂ ਸ਼ੋਆਂ 'ਚ ਹੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਜੀ ਦੇ ਜੀਵਨ ਦੇ ਪ੍ਰੇਰਕ ਪ੍ਰਸੰਗ ਵੇਖੇ। ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਅੱਜ ਦੇ ਸ਼ੋਅ ਦੌਰਾਨ ਨਿਮਾਣੇ ਸਿੱਖ ਵਜੋਂ ਸ਼ਿਰਕਤ ਕਰਦਿਆਂ ਸੰਗਤਾਂ ਦੇ ਨਾਲ ਬੈਠ ਕੇ ਇਹ ਸ਼ੋਅ ਵੇਖਿਆ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੇ ਸਮੁੱਚੇ ਜੀਵਨ ਤੋਂ ਸਾਨੂੰ ਆਦਰਸ਼ ਜੀਵਨ ਜਾਚ ਦੀ ਸੋਝੀ ਮਿਲਦੀ ਹੈ। ਗੁਰੂ ਜੀ ਦੇ ਜੀਵਨ ਦੀ ਹਰੇਕ ਘਟਨਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ।


ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਗੁਰੂ ਜੀ ਦੇ ਜੀਵਨ ਫਲਸਫੇ, ਉਨ੍ਹਾਂ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਇਹ ਸ਼ੋਅ ਤਿਆਰ ਕਰਵਾਇਆ ਗਿਆ ਹੈ ਜੋ ਕਿ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ 'ਤੇ 15 ਨਵੰਬਰ ਤੱਕ ਜਾਰੀ ਰਹੇਗਾ, ਜਦ ਕਿ ਇਸ ਤੋਂ ਬਾਅਦ ਸਾਰੇ ਜ਼ਿਲਿਆਂ ਵਿਚ ਇਹ ਸ਼ੋਅ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿਚ ਸ਼ਿਰਕਤ ਕਰਨ ਪੁੱਜੀਆਂ ਸੰਗਤਾਂ ਲਈ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਹਨ। ਇਸ ਦੌਰਾਨ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਹਰਭਜਨ ਮਾਨ ਨੇ ਆਪਣੇ ਧਾਰਮਿਕ ਗਾਇਨ ਰਾਹੀਂ ਸੰਗਤਾਂ 'ਚ ਹਾਜ਼ਰੀ ਭਰੀ।


ਜ਼ਿਕਰਯੋਗ ਹੈ ਕਿ 13 ਨਵੰਬਰ ਨੂੰ ਇਥੇ ਰਬਾਬ ਪੰਡਾਲ ਵਿਚ ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਊਂਡ ਸ਼ੋਅ ਤੋਂ ਬਾਅਦ ਵੀ ਪੰਜਾਬੀ ਫਨਕਾਰ ਹਰਭਜਨ ਮਾਨ ਧਾਰਮਿਕ ਗਾਇਨ ਪੇਸ਼ ਕਰਨਗੇ ਜਦ ਕਿ 14 ਅਤੇ 15 ਨਵੰਬਰ ਨੂੰ ਸ਼ਾਮ 7 ਤੋਂ 8 ਵਜੇ ਤੱਕ ਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੋਂ ਬਾਅਦ ਪੰਮਾ ਡੂੰਮੇਵਾਲ ਵੱਲੋਂ ਧਾਰਮਿਕ ਗਾਇਨ ਨਾਲ ਇਥੇ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

 

 

shivani attri

This news is Content Editor shivani attri