ਸੰਗਤਾਂ ਲਈ ਉਸਾਰੇ ਗਏ ਟੈਂਟ ਸਿਟੀ 'ਚ ਜਾਣੋ ਕੀ ਹੋਵੇਗਾ ਖਾਸ (ਤਸਵੀਰਾਂ)

10/30/2019 4:18:19 PM

ਕਪੂਰਥਲਾ (ਓਬਰਾਏ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਐੱਸ. ਜੀ. ਪੀ. ਸੀ. ਅਤੇ ਪੰਜਾਬ ਸਰਕਾਰ ਵੱਲੋਂ ਆਪਣੇ-ਆਪਣੇ ਪੱਧਰ 'ਤੇ ਤਿਆਰੀਆਂ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਪ੍ਰਕਾਸ਼ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ 'ਚ 60 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਅੰਦਾਜ਼ਾ ਹੈ। ਇਨ੍ਹਾਂ ਸੰਗਤਾਂ ਦੇ ਰਹਿਣ ਗੁਰੂ ਨਗਰੀ ਸੁਲਤਾਨਪੁਰ ਲੋਧੀ 'ਚ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ। ਇਥੇ ਰਹਿਣ ਲਈ ਤੁਸੀਂ 30 ਅਕਤਬੂਰ ਯਾਨੀ ਕਿ ਅੱਜ ਤੋਂ ਤੁਸੀਂ  www.parkashutsav550.com 'ਤੇ ਜਾ ਕੇ ਆਨਲਾਈਨ ਬੁਕਿੰਗ ਕਰ ਸਕਦੇ ਹੋ। ਇਕ ਨਵੰਬਰ ਤੋਂ ਤਿੰਨੋਂ ਟੈਂਟ ਸਿਟੀਆਂ 'ਚ ਬਣੇ ਰਜਿਸਟ੍ਰੇਸ਼ਨ ਬਲਾਕ 'ਚ ਲੋੜ ਮੁਤਾਬਕ ਆਪਣੇ ਰਹਿਣ ਦਾ ਪ੍ਰਬੰਧ ਕਰ ਸਕਦੇ ਹੋ। 


ਜਾਣੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਕਿੰਨੀ ਦੂਰ ਹੋਣਗੇ ਇਹ ਟੈਂਟ ਸਿਟੀ
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਰਮਚਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪਹਿਲੀ ਟੈਂਟ ਸਿਟੀ ਗੁਰਦੁਆਰਾ ਤੋਂ ਇਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪੁੱਡਾ ਕਾਲੋਨੀ 'ਚ ਬਣਾਈ ਗਈ ਹੈ। 
ਦੂਜੀ ਟੈਂਟ ਸਿਟੀ ਦਾ ਨਿਰਮਾਣ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਤਕਰੀਬਨ ਸਵਾ ਦੋ ਕਿਲੋਮੀਟਰ ਦੀ ਦੂਰ 'ਤੇ ਲੋਹੀਆ ਰੋਡ 'ਤੇ ਕੀਤਾ ਗਿਆ ਹੈ। 
ਇਸੇ ਤਰ੍ਹਾਂ ਤੀਜੀ ਟੈਂਟ ਸਿਟੀ ਦਾ ਨਿਰਮਾਣ ਕਪੂਰਥਲਾ ਰੋਡ 'ਤੇ ਪਿੰਡ ਰਣਧੀਰ ਪੁਰ ਦੇ ਨਜ਼ਦੀਕ ਹੈ ਅਤੇ ਇਸ ਟੈਂਟ ਸਿਟੀ ਦੀ ਦੂਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਤਿੰਨ ਕਿਲੋਮੀਟਰ ਹੈ। ਟੈਂਟ ਸਿਟੀਆਂ 'ਚ ਲੋੜਵੰਦ ਲੋਕਾਂ ਲਈ ਈ-ਰਿਕਸ਼ਾ ਦਾ ਪ੍ਰਬੰਧ ਕੀਤਾ ਗਿਆ ਹੈ। 


ਟੈਂਟ ਸਿਟੀਆਂ 'ਚ ਮਿਲਣਗੀਆਂ ਇਹ ਖਾਸ ਸਹੂਲਤਾਂ 
ਡੀ. ਸੀ. ਪੀ. ਖਰਬੰਦਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੈਂਟ ਸਿਟੀ 'ਚ ਚਾਰ ਕੈਟੇਗਿਰੀਆਂ ਦੀ ਰਿਹਾਇਸ਼ ਦਿੱਤੀ ਜਾਵੇਗੀ, ਜਿਸ 'ਚ ਇਕ ਫੈਮਿਲੀ ਰੂਮ, ਡਬਲ ਬੈੱਡ ਰੂਮ, 15 ਬੈੱਡ ਦੇ ਰੂਮ ਅਤੇ 60 ਬੈੱਡ ਦੇ ਰੂਮ ਉਪਲੱਬਧ ਹੋਣਗੇ। ਇਨ੍ਹਾਂ 'ਚ ਡ੍ਰੇਸਿੰਗ ਟੇਬਲ, ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਹੋਣ ਦੇ ਨਾਲ-ਨਾਲ ਬਾਥਰੂਮ ਵੀ ਹੋਵੇਗਾ, ਜਿਸ 'ਚ ਗਰਮ ਪਾਣੀ ਦੇ ਲਈ ਗੀਜ਼ਰ ਲੱਗਾ ਹੋਵੇਗਾ। ਸਰਕਾਰ ਦਾ ਦਾਅਵਾ ਹੈ ਕਿ ਟੈਂਟ ਸਿਟੀ 'ਚ ਇਕ ਵਧੀਆ ਹੋਟਲ ਦੀ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ। 


ਇਨ੍ਹਾਂ ਟੈਂਟ ਸਿਟੀਆਂ 'ਚ ਸੰਗਤਾਂ ਨੂੰ ਪੂਰਾ ਠਾਠ-ਬਾਠ ਵਾਲਾ ਰਹਿਣ-ਸਹਿਣ ਦਿੱਤਾ ਜਾਵੇਗਾ। ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਹਾਊਸ ਕੀਪਿੰਗ, ਸੁਰੱਖਿਆ, ਬਿਜਲੀ, ਸਿਹਤ ਸੁਵਿਧਾਵਾਂ ਸਮੇਤ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਹਨ। 


ਇਕ ਟੈਂਟ ਸਿਟੀ ਦੀ ਸਮਰੱਥਾ 30 ਤੋਂ 40 ਹਜ਼ਾਰ ਸੰਗਤਾਂ ਦੀ ਹੈ। ਸੰਗਤਾਂ ਇਥੇ ਆਪਣੀ ਰਿਹਾਇਸ਼ ਲਈ ਸਰਕਾਰ ਦੇ ਪੋਰਟਲ ਉਤੇ ਬੁਕਿੰਗ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਟੈਂਟ ਸਿਟੀਆਂ 'ਚ ਰਹਿਣ ਵਾਲੇ ਮਹਿਮਾਨਾਂ ਨੂੰ ਆਪਣਿਆਂ ਨਾਲ ਸੰਪਰਕ 'ਚ ਰਹਿਣ ਦੇ ਲਈ ਨੈੱਟਵਰਕ ਪਰੇਸ਼ਾਨ ਨਾ ਕਰੇ, ਇਸ ਲਈ ਸਾਰੀਆਂ ਟੈਂਟ ਸਿਟੀਆਂ 'ਚ ਮੋਬਾਇਲ ਟਾਵਰ ਲਗਾਏ ਗਏ ਹਨ। 


ਤੁਹਾਨੂੰ ਦੱਸ ਦਈਏ ਕਿ 1 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਲਗਾਤਾਰ ਸਮਾਗਮ ਚੱਲਣਗੇ। ਸਮਾਗਮਾਂ ਦੀ ਸ਼ੁਰੂਆਤ 'ਚ ਦੋ ਦਿਨ ਹੀ ਬਾਕੀ ਹਨ ਪਰ ਸਰਕਾਰ ਦੀਆਂ ਟੈਂਟ ਸਿਟੀਆਂ ਦਾ ਕੰਮ ਹਲੇ ਵੀ ਬਾਕੀ ਹੈ।

 

shivani attri

This news is Content Editor shivani attri