ਬਾਬਾ ਨਾਨਕ ਦੇ ਬੋਰਡਾਂ ''ਚ ਪੰਜਾਬੀ ਲਾਈ ਖੂੰਝੇ, ਪੰਜਾਬੀ ਪ੍ਰੇਮੀਆਂ ਨੇ ਘੇਰੇ ਕੈਪਟਨ (ਤਸਵੀਰਾਂ)

09/19/2019 2:48:14 PM

ਜਲੰਧਰ (ਸੋਨੂੰ)— 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਵੱਡੇ ਵੱਡੇ ਹੋਰਡਿੰਗ ਅਤੇ ਬੈਨਰ ਇਸ ਵਕਤ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਹੋਰਡਿੰਗਜ਼ ਅਤੇ ਬੈਨਰਾਂ ਉੱਤੇ ਜੋ ਭਾਸ਼ਾ ਵਰਤੀ ਗਈ ਹੈ ਉਹ ਅੰਗਰੇਜ਼ੀ ਹੈ ਅਤੇ ਉਹ ਵੀ ਵੱਡੇ-ਵੱਡੇ ਅੱਖਰਾਂ 'ਚ ਵਰਤੀ ਗਈ ਹੈ। ਪੰਜਾਬੀ ਭਾਸ਼ਾ ਦਾ ਇਸਤੇਮਾਲ ਬਹੁਤ ਹੀ ਛੋਟੇ ਅੱਖਰਾਂ 'ਚ ਕੀਤਾ ਗਿਆ ਹੈ ਜੋ ਕਿ ਪੜ੍ਹਨਾ ਤਾਂ ਦੂਰ ਨਜ਼ਰ ਆਉਣਾ ਵੀ ਬਹੁਤ ਔਖਾ ਹੈ। ਮੁੱਦਾ ਇਸ ਗੱਲ ਨੂੰ ਲੈ ਕੇ ਭਖ ਰਿਹਾ ਹੈ ਕਿ ਪੰਜਾਬੀ ਪੰਜਾਬ ਦੀ ਰਾਜ ਭਾਸ਼ਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਿਖੀ ਬਾਣੀ ਦਾ ਪੰਜਾਬੀ ਬੋਲੀ ਅਤੇ ਗੁਰਮੁਖੀ ਲਿਪੀ ਨਾਲ ਖਾਸ ਸਬੰਧ ਹੈ ਪਰ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਲਗਾਏ ਇਨ੍ਹਾਂ ਬੋਰਡਾਂ ਉੱਤੇ ਪੰਜਾਬੀ ਭਾਸ਼ਾ ਨੂੰ ਹੀ ਨਜ਼ਰ ਅੰਦਾਜ਼ ਕੀਤਾ ਗਿਆ ਹੈ। 

ਮੁੱਖ ਮੰਤਰੀ ਸਾਹਿਬ ਦੇ ਅੰਗਰੇਜ਼ੀ ਨਾਲ ਪ੍ਰੇਮ ਅਤੇ ਪੰਜਾਬੀ ਤੋਂ ਦੂਰੀ ਦਾ ਹਮੇਸ਼ਾ ਗਿਲਾ ਕਰਨ ਵਾਲੇ ਪੰਜਾਬੀ ਪ੍ਰੇਮੀਆਂ ਨੂੰ ਇਕ ਵਾਰ ਫਿਰ ਇਸ ਮੁੱਦੇ ਉੱਤੇ ਮੁੱਖ ਮੰਤਰੀ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਪੰਜਾਬੀ ਪ੍ਰੇਮੀ ਜਿੱਥੇ ਇਨ੍ਹਾਂ ਬੋਰਡਾਂ ਉੱਤੇ ਅੰਗਰੇਜ਼ੀ ਭਾਸ਼ਾ ਦੇ ਇਸਤੇਮਾਲ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਉੱਥੇ ਹੀ ਪੰਜਾਬੀ ਭਾਸ਼ਾ ਪ੍ਰਤੀ ਸੂਬਾ ਸਰਕਾਰ ਦੀ ਸੁਹਿਰਦਤਾ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ ਦੇ ਅੰਦਰੂਨੀ ਹਿੱਸਿਆਂ ਦੇ ਨਾਲ-ਨਾਲ ਹਾਈਵੇਅ ਅਤੇ ਪਿੰਡਾਂ, ਕਸਬਿਆਂ ਦੇ ਚੌਰਾਹਿਆਂ ਉੱਤੇ ਵੱਡੇ-ਵੱਡੇ ਹੋਰਡਿੰਗ ਅਤੇ ਬੈਨਰ ਲਗਾਏ ਗਏ ਹਨ। ਇਨ੍ਹਾਂ ਬੈਨਰਾਂ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇ ਨਾਲ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਵੀ ਛਾਪੀ ਗਈ ਹੈ।

 

shivani attri

This news is Content Editor shivani attri