550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਨੂੰ ਵਿਲੱਖਣ ਦਿਖ ਦੇਣ ਦੀ ਕੋਸ਼ਿਸ਼ ਵਿਵਾਦਾਂ ''ਚ ਘਿਰੀ

06/27/2019 6:51:42 PM

ਸੁਲਤਾਨਪੁਰ ਲੋਧੀ (ਓਬਰਾਏ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਅਜਿਹੀ ਵਿਲੱਖਣ ਦਿਖ ਦੇਣ ਦਾ ਪਲਾਨ ਸੀ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਮਨ ਬਾਬੇ ਨਾਨਕ ਦੇ ਰੰਗ 'ਚ ਰੰਗਿਆ ਜਾਵੇ। ਇਸੇ ਮਨਸ਼ਾ ਨਾਲ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਕੰਧਾਂ 'ਤੇ ਧਾਰਮਿਕ ਚਿੱਤਰਕਾਰੀ ਕਰਵਾਈ ਗਈ ਪਰ ਪ੍ਰਸ਼ਾਸਨ ਦਾ ਇਹ ਕਦਮ ਸ਼ੁਰੂਆਤ 'ਚ ਹੀ ਵਿਵਾਦਾਂ 'ਚ ਘਿਰ ਗਿਆ ਹੈ। ਦਰਅਸਲ ਸੁਲਤਾਨਪੁਰ ਲੋਧੀ ਦੀਆਂ ਕੰਧਾਂ 'ਤੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਤੋਂ ਇਲਾਵਾ ਗੁਰਦੁਆਰਾ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਉਲੀਕੀ ਗਈ ਸੀ ਪਰ ਇਸ ਪੇਂਟਿੰਗ ਦੇ ਬਿਲਕੁਲ ਸਾਹਮਣੇ ਇਕ ਵਿਅਕਤੀ ਵੱਲੋਂ ਪੇਸ਼ਾਬ ਕਰਨ ਦੀ ਤਸਵੀਰ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਸਿੱਖ ਸੰਗਤਾਂ ਦੀਆਂ ਭਾਵਵਾਨਾਂ ਨੂੰ ਧਿਆਨ 'ਚ ਰੱਖਦੇ ਹੋਏ ਪ੍ਰਸ਼ਾਸਨ ਨੇ ਪੇਂਟਿੰਗ ਉੱਪਰ ਲਾਲ ਰੰਗ ਕਰਵਾ ਦਿੱਤਾ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਕੰਧਾਂ 'ਤੇ ਧਾਰਮਿਕ ਦੀ ਜਗ੍ਹਾ ਸੱਭਿਆਚਾਰਕ ਪੇਂਟਿੰਗ ਕੀਤੇ ਜਾਣ ਦਾ ਸੁਝਾਅ ਦਿੱਤਾ ਹੈ ਤਾਂ ਜੋ ਧਾਰਿਮਕ ਤਸਵੀਰਾਂ ਦੀ ਬੇਅਦਬੀ ਨਾ ਹੋਵੇ। 


ਉਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਐੱਸ. ਡੀ. ਐੱਮ. ਨਵਨੀਤ ਕੌਰ ਬੱਲ ਦਾ ਕਹਿਣਾ ਹੈ ਕਿ ਇਹ ਤਾਂ ਸਿਰਫ ਡੈਮੋ ਪ੍ਰਾਜੈਕਟ ਸੀ, ਜਿਸ 'ਤੇ ਲੋਕਾਂ ਅਤੇ ਸੰਗਤਾਂ ਵੱਲੋਂ ਸੁਝਾਅ ਲਏ ਜਾ ਰਹੇ ਹਨ। ਬਾਕੀ ਸ਼੍ਰੋਮਣੀ ਕਮੇਟੀ ਦੀ ਸਲਾਹ ਤੋਂ ਬਾਅਦ ਹੀ ਆਖਰੀ ਫੈਸਲਾ ਲਿਆ ਜਾਵੇਗਾ। ਬਿਨ੍ਹਾਂ ਸ਼ੱਕ ਪ੍ਰਸ਼ਾਸਨ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ 'ਤੇ ਸੁਲਤਾਨਪੁਰ ਲੋਧੀ ਨੂੰ ਧਾਰਮਿਕ ਤੇ ਵੱਖਰੀ ਦਿੱਖ ਦੇਣ ਦਾ ਵਿਚਾਰ ਚੰਗਾ ਹੈ ਪਰ ਜਿੱਥੇ ਪ੍ਰਸ਼ਾਸਨ ਨੂੰ ਇਸ ਦੀ ਬੇਅਦਬੀ ਤੋਂ ਬਚਣ ਲਈ ਢੰਗ ਲੱਭਣੇ ਪੈਣਗੇ, ਉਥੇ ਹੀ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹਾ ਕੋਈ ਕੰਮ ਨਾ ਕਰਨ, ਜਿਸ ਨਾਲ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਬੇਅਦਬੀ ਹੁੰਦੀ ਹੋਵੇ।

shivani attri

This news is Content Editor shivani attri