ਵਿੱਦਿਆ ਦਾ ਚਾਨਣ ਫੈਲਾਅ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

07/20/2017 6:04:06 AM

ਫ਼ਤਿਹਗੜ੍ਹ ਸਾਹਿਬ  (ਜਗਦੇਵ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਸਮੇਂ ਦੇ ਹਾਣ ਦੀ ਮਿਆਰੀ ਸਿੱਖਿਆ ਪ੍ਰਦਾਨ ਕਰ ਕੇ ਵਿਦਿਆਰਥੀਆਂ ਨੂੰ ਭਵਿੱਖ 'ਚ ਰੁਜ਼ਗਾਰ ਪ੍ਰਾਪਤ ਕਰਨ ਦੇ ਉਪਰਾਲੇ ਕਰ ਰਹੀ ਹੈ। ਬਤੌਰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਉੱਚੀ ਸੋਚ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੌਥੀ ਸ਼ਤਾਬਦੀ ਦੇ ਪ੍ਰਕਾਸ਼ ਸਮਾਰੋਹ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ।
ਨੌਜਵਾਨਾਂ ਨੂੰ ਵਿਸ਼ਵ ਪੱਧਰ ਦੀ ਪੇਸ਼ੇਵਰ ਨਿਪੁੰਨਤਾ ਦੇਣ ਲਈ ਯੂਨੀਵਰਸਿਟੀ ਨਵ-ਵਿਕਸਿਤ ਤੇ ਉੱਭਰ ਰਹੀਆਂ ਤਕਨੀਕਾਂ, ਬਾਇਓ ਟੈਕ., ਨੈਨੋ ਟੈਕ, ਫ਼ੂਡ ਟੈਕ. ਦੇ ਨਾਲ-ਨਾਲ ਵਾਤਾਵਰਣ, ਮਨੁੱਖੀ ਅਧਿਕਾਰ, ਔਰਤਾਂ ਅਤੇ ਦੱਬੇ-ਕੁਚਲੇ ਵਰਗਾਂ ਦੇ ਵਿਕਾਸ ਸੰਬੰਧੀ ਅਨੁਸ਼ਾਸਨਾਂ 'ਚ ਵਿਸ਼ੇਸ਼ ਰੁਚੀ ਰੱਖਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ 'ਵਰਸਿਟੀ ਦੀਆਂ ਉਸਾਰੂ ਗਤੀਵਿਧੀਆਂ ਅਤੇ ਪ੍ਰਾਪਤੀਆਂ 'ਤੇ ਪੂਰਾ ਮਾਣ ਹੈ। ਉਨ੍ਹਾਂ ਮੁਤਾਬਿਕ ਵਾਈਸ-ਚਾਂਸਲਰ ਡਾ. ਸੁਖਦਰਸ਼ਨ ਸਿੰਘ ਖਹਿਰਾ, ਮੈਂਬਰ ਸਕੱਤਰ ਸ. ਦਰਬਾਰਾ ਸਿੰਘ ਗੁਰੂ ਅਤੇ ਹੋਰਨਾਂ ਟਰੱਸਟ ਮੈਂਬਰਾਂ ਦੀ ਯੋਗ ਅਗਵਾਈ ਹੇਠ ਯੂਨੀਵਰਸਿਟੀ ਇਕ ਵਿਸ਼ਵ ਪੱਧਰੀ ਵਿੱਦਿਅਕ ਅਦਾਰੇ ਦੇ ਤੌਰ 'ਤੇ ਉੱਭਰ ਰਹੀ ਹੈ। ਯੂਨੀਵਰਸਿਟੀ ਕੋਲ ਵਧੀਆ ਕਲਾਸ ਰੂਮ, ਰਿਸਰਚ ਲੈਬਾਂ, ਖੇਡ ਸਹੂਲਤਾਂ ਅਤੇ ਸਹਿਯੋਗੀ ਗਤੀਵਿਧੀਆਂ ਲਈ ਅੰਤਰਰਾਸ਼ਟਰੀ ਪੱਧਰ ਦਾ ਮੁੱਢਲਾ ਢਾਂਚਾ ਮੌਜੂਦ ਹੈ। ਯੂਨੀਵਰਸਿਟੀ ਵਿਖੇ ਸਥਾਪਤ ਕੀਤੀ ਗਈ ਹਾਕੀ ਅਕੈਡਮੀ (ਹਾਕੀ ਇੰਡੀਆ ਨਾਲ ਐਫ਼ੀਲੀਏਟਡ) ਨੇ ਬਹੁਤ ਸੀਮਤ ਸਮੇਂ 'ਚ ਜਿਥੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਜਿੱਤ ਕੇ ਰਾਸ਼ਟਰੀ ਪਛਾਣ ਬਣਾ ਲਈ ਹੈ ਉਥੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਦਸਤਕ ਦੇਣ 'ਚ ਸਫ਼ਲਤਾ ਹਾਸਲ ਕੀਤੀ ਹੈ। ਯੂਨੀਵਰਸਿਟੀ ਵੱਲੋਂ ਕੈਂਬਰਿਜ ਯੂਨੀਵਰਸਿਟੀ (ਯੂ. ਕੇ.), ਜ਼ਿਆਨ ਜ਼ਿਆਤਾਂਗ ਯੂਨੀਵਰਸਿਟੀ (ਚੀਨ), ਮੈਸੀ ਯੂਨੀਵਰਸਿਟੀ ਨਿਊਜ਼ੀਲੈਂਡ ਅਤੇ ਰੋਵੀਰਾ ਆਈ. ਵਿਰਜ਼ਿਲੀ ਯੂਨੀਵਰਸਿਟੀ ਸਪੇਨ ਨਾਲ ਅਕਾਦਮਿਕ ਆਦਾਨ-ਪ੍ਰਦਾਨ ਦੇ ਸਮਝੌਤੇ ਕੀਤੇ ਗਏ ਹਨ।
ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਲਈ ਸਾਰੇ ਕੋਰਸਾਂ 'ਚ ਦਾਖ਼ਲ ਹੋਣ ਵਾਲੇ ਕੁੱਲ ਵਿਦਿਆਰਥੀਆਂ 'ਚੋਂ 10% ਨੂੰ ਐੱਸ. ਜੀ. ਪੀ. ਸੀ. ਵੱਲੋਂ ਵਜ਼ੀਫ਼ੇ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਉਦਯੋਗਿਕ ਦੌਰੇ ਅਤੇ ਟੈਸਟ ਕਰਵਾਏ ਜਾਂਦੇ ਹਨ। ਓ. ਪੋ., ਵੀਵੋ, ਯੈਸ ਬੈਂਕ, ਐਕਸਿਸ ਬੈਂਕ, ਦਯੂਸਚੇ ਬੈਂਕ, ਟਾਟਾ ਡੋਕੋਮੋ, ਮੋਜ਼ੀਲਾ, ਐਕਰੇਟ ਗਲੋਬਸ ਟੈਕਨਾਲੋਜੀ, ਕੈਟਾਲਿਸਟ ਵਨ ਅਤੇ ਇੰਪਿੰਗ ਸਲਿਊੂਸ਼ਨ ਆਦਿ ਮੰਨੀਆਂ-ਪ੍ਰਮੰਨੀਆਂ ਅੰਤਰਰਾਸ਼ਟਰੀ ਕੰਪਨੀਆਂ ਲਈ ਹੋਣਹਾਰ ਵਿਦਿਆਰਥੀਆਂ ਨੂੰ ਚੁਣਿਆ ਗਿਆ ਹੈ। ਯੂਨੀਵਰਸਿਟੀ ਨੇ ਸ਼੍ਰੋਮਣੀ ਕਮੇਟੀ ਦੀ ਰਹਿਨੁਮਾਈ ਹੇਠ ਸਿੱਖਿਆ, ਖੇਡਾਂ, ਸੱਭਿਆਚਾਰ ਅਤੇ ਧਾਰਮਿਕ ਗਤੀਵਿਧੀਆਂ 'ਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਭਵਿੱਖ ਵਿਚ ਵੀ ਯੂਨੀਵਰਸਿਟੀ ਉੱਤਮਤਾ ਦੇ ਮਾਰਗ ਉਤੇ ਨਿਰੰਤਰ ਪੁਲਾਂਘਾਂ
ਪੁੱਟਦੀ ਰਹੇਗੀ।