ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 6 ਬੀੜਾਂ ਤੇ 2 ਪੋਥੀਆਂ ਅਗਨ ਭੇਟ

05/07/2019 2:15:14 PM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਜ਼ਿਲੇ ਦੇ ਥਾਣਾ ਝਬਾਲ ਦੇ ਪਿੰਡ ਚੱਕ ਸਿਕੰਦਰ ਸਥਿਤ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸੁੱਖ ਆਸਣ ਦੇ ਪਲੰਘਾ ਸਾਹਿਬ ਨੂੰ ਲੱਗੀ ਅੱਗ ਕਾਰਨ 6 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ 2 (ਸ੍ਰੀ ਸੁਖਮਨੀ ਸਾਹਿਬ ਅਤੇ ਜਪੁਜੀ ਸਾਹਿਬ) ਦੀਆਂ ਪੋਥੀਆਂ ਅਗਨ ਭੇਂਟ ਹੋ ਗਈਆਂ। ਇਸ ਸਾਰੇ ਘਟਨਾਕ੍ਰਮ ਪਿੱਛੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਅਣਗਹਿਲੀ ਦੱਸੀ ਜਾ ਰਹੀ ਹੈ। ਮੌਕੇ 'ਤੇ ਡੀ. ਐੱਸ. ਪੀ. ਸ਼ਹਿਰੀ ਤਰਨਤਾਰਨ ਕੰਮਲਜੀਤ ਸਿੰਘ ਔਲਖ, ਐੱਸ. ਐੱਚ. ਓ. ਥਾਣਾ ਝਬਾਲ ਇੰਸਪੈਕਟਰ ਬਲਜੀਤ ਸਿੰਘ ਵੜੈਚ ਵੱਲੋਂ ਪੁਲਸ ਭਾਰੀ ਪੁਲਸ ਬਲਾ ਸਮੇਤ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਸਮੇਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹੋਏ ਸਨ। 

ਜਾਣਕਾਰੀ ਦਿੰਦਿਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੁਸ਼ਤੈਨੀ ਤੌਰ 'ਤੇ ਪਿਛਲੇ ਕਰੀਬ 30 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਸੰਭਾਲ ਕਰਦਾ ਆ ਰਿਹਾ ਹੈ ਅਤੇ ਉਸਦਾ ਘਰ ਵੀ ਗੁਰਦੁਆਰਾ ਸਾਹਿਬ 'ਚ ਇਕ ਪਾਸੇ ਹੈ। ਉਸਨੇ ਦੱਸਿਆ ਕਿ ਮੰਗਲਵਾਰ ਨੂੰ ਤੜਕਸਾਰ ਜਦੋਂ ਉਹ ਸਵੇਰੇ ਕਰੀਬ ਸਵਾ ਤਿੰਨ ਵਜੇ ਉੱਠਿਆ ਤਾਂ ਉਸਨੂੰ ਗੁਰਦੁਆਰਾ ਸਾਹਿਬ 'ਚੋਂ ਕੁਝ ਖੜਕੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਿਸ ਉਪਰੰਤ ਜਦੋਂ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਧੂੰਆਂ ਹੀ ਧੂੰਆਂ ਸੀ। ਉਸਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਦੂਜੀ ਮੰਜ਼ਿਲ 'ਤੇ ਬਣਾਏ ਗਏ ਸੁੱਖ ਆਸਣ ਸਾਹਿਬ ਨੂੰ ਅੱਗ ਲੱਗੀ ਹੋਈ ਸੀ। ਉਸ ਵੱਲੋਂ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਉਕਤ ਲੱਗੀ ਅੱਗ ਨੂੰ ਬੁਝਾਉਣ ਲਈ ਪੂਰੀ ਮੁਸ਼ਤੈਦੀ ਨਾਲ ਚਾਰਾਜੋਈ ਕੀਤੀ ਗਈ ਪਰ ਜਦ ਤੱਕ ਅੱਗ 'ਤੇ ਕਾਬੂ ਪਾਇਆ ਗਿਆ ਤੱਦ ਤੱਕ ਸੁੱਖ ਆਸਣ ਦਾ ਪਲੰਘਾ ਸਾਹਿਬ ਪੂਰੀ ਤਰ੍ਹਾਂ ਝੁਲਸ ਚੁੱਕਾ ਸੀ ਅਤੇ ਪਲੰਘਾ ਸਾਹਿਬ 'ਤੇ ਸਸ਼ੋਭਿਤ 6 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ 2 ਪੋਥੀਆਂ ਅਗਨ ਭੇਂਟ ਹੋ ਗਈਆਂ ਸਨ। 

ਦੂਜੇ ਪਾਸੇ ਗੁਰਦੁਆਰਾ ਸਾਹਿਬ ਦੀ ਬਣੀ 11 ਮੈਂਬਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗ੍ਰੰਥੀ ਸਿੰਘ ਵੱਲੋਂ ਘਟਨਾ ਸਬੰਧੀ ਜਾਣੂ ਨਹੀਂ ਕਰਾਇਆ ਗਿਆ, ਸਗੋਂ ਉਨ੍ਹਾਂ ਨੂੰ ਇਸ ਮਾਮਲੇ ਦਾ ਪਤਾ ਬਾਅਦ 'ਚ ਲੱਗਾ। ਘਟਨਾ ਦਾ ਪਤਾ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਭਾਈ ਸਰੂਪ ਸਿੰਘ ਭੁੱਚਰ ਆਦਿ ਸਿੱਖ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਈਆਂ ਸਨ।

ਗ੍ਰੰਥੀ ਸਿੰਘ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ- ਭਾਈ ਅਜਨਾਲਾ, ਭਾਈ ਸੋਹਲ
ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪੰਜਾਬ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਂਟ ਹੋਣ ਦੀ ਵਾਪਰੀ ਦੁੱਖਦਾਈ ਘਟਨਾ ਲਈ ਗ੍ਰੰਥੀ ਭਾਈ ਗੁਰਨਾਮ ਸਿੰਘ ਨੂੰ ਜਿੰਮੇਵਾਰ ਦੱਸਦਿਆ ਕਿਹਾ ਕਿ ਜਿੱਥੇ ਸੁੱਖ ਆਸਣ ਸਾਹਿਬ ਬਹੁਤ ਹੀ ਛੋਟਾ ਹੈ, ਉੱਥੇ ਹੀ ਇੱਥੇ ਲਾਏ ਗਏ ਟੇਬਲ ਫੈਨ (ਪੱਖੇ) ਨੂੰ ਆਰਜੀ ਤਾਰਾਂ ਨਾਲ 24 ਘੰਟੇ ਚਲਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਗੁ. ਸਾਹਿਬ 'ਚ ਕਿਤੇ ਵੀ ਵਾਇਰਿੰਗ ਨਹੀਂ ਹੈ ਅਤੇ ਢਿੱਲੀਆਂ ਅਤੇ ਖੁਲ੍ਹੀਆਂ ਤਾਰਾਂ ਦੇ ਗੁ. ਸਾਹਿਬ 'ਚ ਜਾਲ ਵਿਛਾਏ ਗਏ ਹਨ। ਉਨ੍ਹਾਂ ਕਿਹਾ ਕਿ ਗ੍ਰੰਥੀ ਸਿੰਘ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਗੁਰਦੁਆਰਾ ਸਾਹਿਬ ਸ਼ਾਮ ਨੂੰ ਬੰਦ ਕਰਨ ਸਮੇਂ ਬਿਜਲੀ ਸਪਲਾਈ ਬੰਦ ਕਰਦਾ ਪਰ ਉਸ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਸੁੱਖ ਆਸਣ 'ਚ ਲਾਏ ਗਏ ਪੱਖੇ ਨੂੰ ਵੀ 24 ਘੰਟੇ ਚਾਲੂ ਰੱਖਿਆ ਜਾਂਦਾ ਹੋਣ ਕਰਕੇ ਉਕਤ ਦਰਦਨਾਕ ਘਟਨਾ ਵਾਪਰੀ ਹੈ। 


ਗੁਰਦੁਆਰਾ ਸਾਹਿਬ 'ਚ ਵੱਡੀ ਘਟਨਾ ਵਾਪਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਪਿੰਡ ਸਥਿਤ ਦੂਜੇ ਗੁਰਦੁਆਰੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆ ਕਿ ਪ੍ਰਕਾਸ਼ ਕਰ ਦਿੱਤਾ। ਸੰਗਤਾਂ 'ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ਼ ਹੈ ਕਿ ਇੱਕ ਪਾਸੇ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 6 ਪਾਵਨ ਬੀੜਾਂ ਅਤੇ ਪੋਥੀਆਂ ਅਗਨ ਭੇਂਟ ਹੋ ਗਈਆਂ ਹਨ ਅਤੇ ਦੂਜੇ ਪਾਸੇ ਬਾਬਾ ਜੀ ਵੱਲੋਂ ਗੁ. ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ ਗਿਆ ਹੈ।

ਜਾਂਚ ਕਰਕੇ ਕੀਤੀ ਜਾਵੇਗੀ ਕਾਰਵਾਈ- ਡੀ. ਐੱਸ. ਪੀ. ਕੰਵਲਦੀਪ ਸਿੰਘ ਔਲਖ
ਮੌਕੇ 'ਤੇ ਜਾਇਜ਼ਾ ਲੈਣ ਲਈ ਪਹੁੰਚੇ ਡੀ. ਐੱਸ. ਪੀ. ਸਿਟੀ ਕੰਵਲਜੀਤ ਸਿੰਘ ਔਲਖ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਜੇਕਰ ਗੁ. ਸਾਹਿਬ ਦਾ ਗ੍ਰੰਥੀ ਸਿੰਘ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। 

Anuradha

This news is Content Editor Anuradha