ਸ੍ਰੀ ਗੁਰੂ ਗ੍ਰੰਥ ਸਾਹਿਬ ਪੰਚ ਪ੍ਰਧਾਨੀ ਨੇ ਝਬਾਲ ਚੌਕ ''ਚ ਦਿੱਤਾ ਧਰਨਾ

04/24/2018 4:50:22 AM

ਬੀੜ ਸਾਹਿਬ/ਝਬਾਲ,   (ਬਖਤਾਵਰ, ਜ. ਬ.)-  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਚ ਪ੍ਰਧਾਨੀ ਦੇ ਸਰਕਲ ਝਬਾਲ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਝਬਾਲ ਅਤੇ ਭਾਈ ਪਰਮਜੀਤ ਸਿੰਘ ਲਾਡੀ ਦੀ ਅਗਵਾਈ 'ਚ ਸਮੂਹ ਅਖੰਡ ਪਾਠੀ ਸਿੰਘਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਸੂਮ ਬੱਚੀ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਝਬਾਲ ਚੌਕ 'ਚ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
 ਗੁਰਦੁਆਰਾ ਮਾਤਾ ਭਾਗੋ ਜੀ ਝਬਾਲ ਤੋਂ ਰਵਾਨਾ ਹੋਇਆ ਰੋਸ ਮਾਰਚ ਝਬਾਲ ਦੇ ਬਾਜ਼ਾਰਾਂ ਚੋਂ ਹੁੰਦਾ ਹੋਇਆ ਝਬਾਲ ਚੌਕ 'ਚ ਪੁੱਜਾ। ਇਸ ਰੋਸ ਮਾਰਚ 'ਚ ਜਿੱਥੇ ਵੱਡੀ ਗਿਣਤੀ 'ਚ ਸਿੱਖ ਬੀਬੀਆਂ ਅਤੇ ਬੱਚੇ ਸ਼ਾਮਲ ਸਨ, ਉਥੇ ਹੀ ਇਲਾਕੇ ਭਰ ਦੇ ਲੋਕ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ। ਝਬਾਲ ਚੌਕ 'ਚ ਲਾਏ ਗਏ ਧਰਨੇ ਦੌਰਾਨ ਭਾਈ ਰਣਧੀਰ ਸਿੰਘ ਝਬਾਲ, ਭਾਈ ਪਰਮਜੀਤ ਸਿੰਘ ਲਾਡੀ, ਭਾਈ ਪਰਗਟ ਸਿੰਘ ਪੰਡੋਰੀ, ਭਾਈ ਪ੍ਰਭਜੋਤ ਸਿੰਘ ਝਬਾਲ, ਭਾਈ ਸ਼ਮਸ਼ੇਰ ਸਿੰਘ ਅਜਨਾਲਾ, ਭਾਈ ਸਰਬਜੀਤ ਸਿੰਘ ਝਬਾਲ (ਬਾਬਾ ਚਿੜਾ), ਸਮਾਜ ਸੇਵੀ ਮਨਜਿੰਦਰ ਸਿੰਘ ਲਹਿਰੀ, ਜਪਿੰਦਰ ਸਿੰਘ ਜਪਾਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੇਸ਼ ਅੰਦਰ ਅਪਰਾਧੀ ਬਿਰਤੀ ਵਾਲੇ ਲੋਕ ਕਾਨੂੰਨ ਨਾਲ ਰੱਜ ਕੇ ਖਿਲਵਾੜ ਇਸ ਕਰਦੇ ਹਨ ਕਿਉਂਕਿ ਦੇਸ਼ ਦਾ ਕਾਨੂੰਨ ਇਕਸਾਰ ਨਹੀਂ ਹੈ, ਇੱਥੇ ਜਾਨਵਰ ਮਾਰਨ ਵਾਲਿਆਂ ਨੂੰ ਤਾਂ ਸਜ਼ਾ ਦੇ ਦਿੱਤੀ ਜਾਂਦੀ ਹੈ ਪਰ ਮਨੁੱਖਤਾ ਦੇ ਕਾਤਲਾਂ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ।
 ਇਸ ਕਰ ਕੇ ਅਪਰਾਧੀ ਲੋਕ ਕਾਨੂੰਨ ਦਾ ਨਾਜਾਇਜ਼ ਫਾਇਦਾ ਉਠਾਉਣਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਘਿਨੌਣੇ ਤੋਂ ਘਿਨੌਣਾ ਅਪਰਾਧ ਕਰ ਕੇ ਬੜੇ ਆਰਾਮ ਨਾਲ ਬਚ ਵੀ ਨਿਕਲਦੇ ਹਨ। ਆਗੂਆਂ ਨੇ ਕਿਹਾ ਕਿ ਆਸਿਫ਼ਾ ਨਾਲ ਹੋਈ ਘਿਨੌਣੀ ਘਟਨਾ ਕੋਈ ਪਹਿਲੀ ਘਟਨਾ ਨਹੀਂ ਹੈ ਸਗੋਂ ਅਨੇਕਾਂ ਹੀ ਬੱਚੀ ਅਜਿਹੇ ਵਹਿਸ਼ੀ ਦਰਿੰਦਿਆਂ ਦੀ ਭੇਟ ਚੜ੍ਹ ਚੁੱਕੀਆਂ ਹਨ। ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ 'ਚ ਨਿਕੰਮੀ ਸਰਕਾਰ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਜੇਕਰ ਜਲਦ ਬੱਚੀ ਦੇ ਕਾਤਲਾਂ ਨੂੰ ਚੌਰਾਹੇ 'ਚ ਫਾਂਸੀ 'ਤੇ ਨਾ ਲਟਕਾਇਆ ਗਿਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਚ ਪ੍ਰਧਾਨੀ ਹੋਰਨਾਂ ਹਮ-ਖਿਆਲੀ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਵਿਰੁੱਧ ਪੰਜਾਬ ਸਮੇਤ ਪੂਰੇ ਦੇਸ਼ ਅਤੇ ਵਿਦੇਸ਼ੀ ਧਰਤੀ 'ਤੇ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ।
ਇਸ ਮੌਕੇ ਬਲਵੰਤ ਸਿੰਘ ਦੋਧੀ, ਕੰਵਲਜੀਤ ਸਿੰਘ, ਬਲਵੀਰ ਸਿੰਘ ਝਬਾਲ, ਲਖਬੀਰ ਸਿੰਘ ਖੈਰਦੀ, ਰਛਪਾਲ ਸਿੰਘ ਪੰਡੋਰੀ, ਹਰੀ ਸਿੰਘ, ਸ਼ਮਸ਼ੇਰ ਸਿੰਘ ਅਜਾਨਾ, ਹਰਪ੍ਰੀਤ ਸਿੰਘ, ਪਰਮਿੰਦਰ ਸਿੰਘ ਢੰਡ, ਬੀਬੀ ਪ੍ਰਕਾਸ਼ ਕੌਰ, ਚਰਨਜੀਤ ਕੌਰ, ਬੀਬੀ ਦਲਬੀਰ ਕੌਰ, ਬਲਜੀਤ ਕੌਰ, ਬਲਵਿੰਦਰ ਕੌਰ ਆਦਿ ਤੋਂ ਇਲਾਵਾ ਛੋਟੇ-ਛੋਟੇ ਬੱਚੇ ਵੀ ਹਾਜ਼ਰ ਸਨ।