ਗੁਰਦੁਆਰੇ ''ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ''ਚ ਹੋਈ ਝੜਪ, ਕਈਆਂ ਦੀਆਂ ਲੱਥੀਆਂ ਪੱਗਾਂ

07/28/2017 8:00:09 PM

ਗੁਰਦਾਸਪੁਰ (ਦੀਪਕ) : ਬੇਟ ਖੇਤਰ ਦੇ ਅਧੀਨ ਪੈਂਦੇ ਪਿੰਡ ਪੁਰਾਣਾ ਸ਼ਾਲਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਦੇ ਹੀ ਦੋ ਗੁੱਟਾਂ ਦੇ ਦਰਮਿਆਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ 'ਚ ਹੋਈ ਝੜਪ ਦੌਰਾਨ ਅੱਧੀ ਦਰਜਨ ਦੇ ਕਰੀਬ ਪ੍ਰਬੰਧਕਾਂ ਦੀਆਂ ਪੱਗਾਂ ਲੱਥ ਜਾਣ ਅਤੇ ਆਪਸ ਵਿਚ ਗਾਲੀ-ਗਲੋਚ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਇਕ ਗੁੱਟ ਦਾ ਕਹਿਣਾ ਹੈ ਕਿ ਕਸਬੇ ਦੇ ਮੁੱਖ ਗੁਰਦੁਆਰਾ ਸਾਹਿਬ ਵਿਚ ਦੀਵਾਨ ਸੱਜੇ ਹੋਏ ਸਨ। ਇਸ ਦੌਰਾਨ ਗਿਆਨੀ ਜੁਗਰਾਜ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ ਆਦਿ ਨੇ ਗੁਰਦੁਆਰਾ ਸਾਹਿਬ ਦਾ ਪਹਿਲਾਂ ਤੋਂ ਪ੍ਰਬੰਧ ਦੇਖ ਰਹੀ ਧਿਰ ਕੋਲੋਂ ਗੁਰਦੁਆਰਾ ਸਾਹਿਬ ਦਾ ਲੇਖਾ-ਜੋਖਾ ਪੁੱਛਿਆ ਤਾਂ ਪ੍ਰਬੰਧਕੀ ਧਿਰ ਨੇ ਰਵਿੰਦਰ ਸਿੰਘ, ਜੁਗਰਾਜ ਸਿੰਘ, ਬਲਜਿੰਦਰ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ ਆਦਿ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਾਥੀਆਂ ਸਮੇਤ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਜੁਗਰਾਜ ਸਿੰਘ, ਬਲਜਿੰਦਰ ਸਿੰਘ ਅਤੇ ਰਵਿੰਦਰ ਸਿੰਘ ਦੀਆਂ ਪੱਗਾਂ ਲੱਥ ਗਈਆਂ। ਇਥੇ ਹੀ ਬਸ ਨਹੀ ਹਮਲਾਵਰਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਾਅਦ ਪੌੜੀਆਂ ਕੋਲ ਗੁਰਦੁਆਰੇ ਦੇ ਵਿਹੜੇ 'ਚ ਸੰਗਤ ਦੀ ਕੁੱਟਮਾਰ ਵੀ ਕੀਤੀ। ਇਸ ਦੌਰਾਨ ਕੁਝ ਔਰਤਾਂ ਪਲਵਿੰਦਰ ਕੌਰ, ਸਰਜੀਤ ਕੌਰ ਅਤੇ ਨਰਿੰਦਰ ਕੌਰ ਤੇ ਸੁਖਵਿੰਦਰ ਕੌਰ ਵੀ ਹਮਲਾਵਰਾਂ ਦੀ ਕੁੱਟਮਾਰ ਦਾ ਸ਼ਿਕਾਰ ਹੋ ਗਈਆਂ। ਇਸ ਉਪਰੰਤ ਜੁਗਰਾਜ ਸਿੰਘ ਦੀ ਧਿਰ ਆਪਣੇ ਸਾਥੀਆਂ ਅਤੇ ਸੰਗਤ ਸਮੇਤ ਥਾਣਾ ਪੁਰਾਣਾ ਸ਼ਾਲਾ ਵਿਖੇ ਪੁੱਜੇ ਪਰ ਜਦੋਂ ਉਨ੍ਹਾਂ ਦੀ ਥਾਣੇ ਅੰਦਰ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੇ ਕਥਿਤ ਹਮਲਾਵਰਾਂ ਅਤੇ ਪੁਲਸ ਖ਼ਿਲਾਫ਼ ਥਾਣੇ ਅੱਗੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਦੂਜੇ ਪਾਸੇ ਦੂਸਰੀ ਧਿਰ ਦੇ ਟਹਿਲ ਸਿੰਘ ਅਤੇ ਤਰਲੋਕ ਸਿੰਘ ਆਦਿ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਜੁਗਰਾਜ ਸਿੰਘ ਧਿਰ ਨੇ ਉਨ੍ਹਾਂ ਨੂੰ ਧੱਕੇ ਮਾਰੇ ਸਨ। ਇਸ ਤਂੋ ਇਲਾਵਾ ਹੋਰ ਕੁਝ ਵੀ ਗੁਰਦੁਆਰਾ ਸਾਹਿਬ 'ਚ ਨਹੀਂ ਹੋਇਆ। ਇਹ ਝੂਠ ਬੋਲ ਰਹੇ ਹਨ ਕਿ ਗੁਰਦੁਆਰਾ ਸਾਹਿਬ ਵਿਚ ਕਿਸੇ ਨਾਲ ਅਸੀਂ ਕੁੱਟਮਾਰ ਕੀਤੀ ਹੈ।