ਹੋਲੇ ਮਹੱਲੇ ਮੌਕੇ ਗੁਰੂ ਨਗਰੀ ਖਾਲਸਾਈ ਰੰਗ ''ਚ ਰੰਗੀ (ਤਸਵੀਰਾਂ)

03/21/2019 6:19:29 PM

ਸ੍ਰੀ ਅਨੰਦਪੁਰ ਸਾਹਿਬ(ਦਲਜੀਤ,ਸੱਜਣ ਸੈਣੀ) : ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਜਾ ਰਹੇ ਕੌਮੀ ਤਿਉਹਾਰ ਹੋਲਾ ਮੁਹੱਲਾ ਦੇ ਅੱਜ ਦੂਜੇ ਦਿਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁ. ਗੁਰੂ ਕੇ ਮਹਿਲ ਭੋਰਾ ਸਾਹਿਬ, ਗੁ. ਸੀਸ ਗੰਜ ਸਾਹਿਬ, ਗੁ. ਕਿਲਾ ਅਨੰਦਗੜ੍ਹ ਸਾਹਿਬ, ਗੁ. ਕਿਲਾ ਫਤਿਹਗੜ੍ਹ ਸਾਹਿਬ ਆਦਿ 'ਤੇ ਘੰਟਿਆਂਬੱਧੀ ਕਤਾਰਾਂ ਵਿਚ ਲੱਗ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਵਿਚ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਵਿਚ ਸੰਗਤਾਂ ਨੂੰ ਹੋਲੇ ਮਹੱਲੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਭਾਰਤੀ ਲੋਕਾਂ ਵਿਚ ਸਮੇਂ ਦੇ ਜਾਬਰ ਅਤੇ ਜ਼ਾਮਲ ਸਰਕਾਰਾਂ ਦਾ ਟਾਕਰਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ ਹੋਲਾ ਮਹੱਲਾ ਦੀ ਪ੍ਰਰੰਪਰਾ ਆਰੰਭ ਕੀਤੀ ਸੀ, ਜਿਸ ਵਿਚ ਲੋਕਾਂ ਨੂੰ ਜੰਗੀ ਕਲਾ ਦੇ ਅਭਿਆਸ ਦੇ ਨਾਲ ਤਲਵਾਰਬਾਜ਼ੀ, ਨੇਜ਼ੇਬਾਜ਼ੀ ਦੇ ਗੁਰ ਸਿਖਾ ਕੇ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਕੀਤਾ ਗਿਆ ਸੀ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੋਲ ਮਹੱਲਾ ਦੇ ਪਾਵਨ ਤਿਉਹਾਰ ਮੌਕੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ।

ਸੰਗਤਾਂ ਨੇ ਗੁਰੂ ਜੀ ਦੇ ਪਾਵਨ ਸ਼ਸਤਰਾਂ ਦੇ ਕੀਤੇ ਦਰਸ਼ਨ :
ਇਸ ਤੋਂ ਪਹਿਲਾਂ ਸਮਾਗਮਾਂ ਵਿਚ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਸਪਿੰਦਰ ਸਿੰਘ ਨੇ ਆਸਾ ਦੀ ਵਾਰ, ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਕਥਾ ਵਿਚਾਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਪਾਵਨ ਸ਼ਸਤਰਾਂ ਦੇ ਦਰਸ਼ਨ ਅਤੇ ਸੰਖੇਪ ਇਤਿਹਾਸ, ਭਾਈ ਗੁਰਪ੍ਰੀਤ ਸਿੰਘ ਹੁਸ਼ਿਆਰਪੁਰ, ਗਿਆਨੀ ਜਸਵੰਤ ਸਿੰਘ ਪ੍ਰਵਾਨਾ, ਭਾਈ ਸਤਨਾਮ ਸਿੰਘ ਕੋਹਾੜਕਾ, ਗਿਆਨੀ ਬਲਦੇਵ ਸਿੰਘ ਗੁਲਸ਼ਨ ਆਦਿ ਨੇ ਸੰਗਤਾਂ ਨੂੰ ਕਥਾ ਵਿਚਾਰਾਂ ਅਤੇ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ। ਮੇਲੇ ਮੌਕੇ ਸੰਗਤਾਂ ਵੱਲੋਂ ਲਾਏ ਜਾ ਰਹ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨੇ ਜਿੱਥੇ ਇਲਾਕੇ ਦੇ ਸਮੁੱਚੇ ਮਾਹੌਲ ਨੂੰ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਹੈ, ਉਥੇ ਹੀ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਵੀ ਆਪਣੀਆਂ-ਆਪਣੀਆਂ ਛਾਉਣੀਆਂ ਵਿਚ ਸੱਜ ਕੇ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਿੰਦੂ ਬਣੀਆਂ ਹੋਈਆਂ ਹਨ। ਗੁ. ਗੁਰੂ ਕਾ ਬਾਗ ਛਾਉਣੀ ਨਿਹੰਗ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਿਖੇ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਰਵਾਇਤੀ ਪਰੰਪਰਾਵਾਂ ਨਾਲ 'ਸ਼ਹੀਦੀ ਦੇਗ' ਦੀਆਂ ਛਬੀਆਂ ਲਗਾਈਆਂ ਗਈਆਂ ਹਨ।

ਨਿਹੰਗ ਜਥੇਬੰਦੀਆਂ 22 ਨੂੰ ਸਜਾਉਣੀਆਂ ਮਹੱਲਾ :
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸਮੁੱਚੀਆਂ ਨਿਹੰਗ ਸਿੰਘ ਫੌਜਾਂ ਵੱੱਲੋਂ ਹੋਲੇ ਮਹੱਲੇ ਦੀ ਸਮਾਪਤੀ ਮੌਕੇ 22 ਮਾਰਚ ਨੂੰ ਸਜਾਏ ਜਾਣ ਵਾਲੇ ਮਹੱਲੇ ਮੌਕੇ ਜੰਗ ਜੂ ਕਰਤੱਬ, ਘੋੜਸਵਾਰੀ, ਨੇਜ਼ੇਬਾਜ਼ੀ ਅਤੇ ਗੱਤਕੇ ਦੇ ਜੌਹਰ ਦਿਖਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਇਸ ਮੌਕੇ ਉਕਤ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਅਤੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ, ਜੱਥੇਦਾਰ ਪਰਮਜੀਤ ਸਿੰਘ ਲੱਖੇਵਾਲ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਅਮਰਜੀਤ ਸਿੰਘ ਤੋਂ ਇਲਾਵਾ, ਮੈਨੇਜਰ ਜਸਬੀਰ ਸਿੰਘ, ਜਥੇਦਾਰ ਮੋਹਨ ਸਿੰਘ ਚਾਹੇ, ਪਰਮਜੀਤ ਸਿੰਘ ਮਾਕੜ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਸੰਦੀਪ ਸਿੰਘ ਕਲੋਤਾ ਪ੍ਰਧਾਨ ਯੂਥ ਅਕਾਲੀ ਦਲ, ਐਡਵੋਕੇਟ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ।

cherry

This news is Content Editor cherry