ਸ੍ਰੀ ਆਨੰਦਪੁਰ ਸਾਹਿਬ ''ਚ ਬਣਨਗੇ 7 ਪੁਲ, 50 ਕਰੋੜ ਆਵੇਗੀ ਲਾਗਤ

10/14/2019 10:02:52 AM

ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਿਤ ਕੀਰਤਪੁਰ ਸਾਹਿਬ 'ਚ ਆਉਣ ਵਾਲੀਆਂ ਸੰਗਤਾਂ ਅਤੇ ਸਥਾਨਕ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬੱਸ ਸਟੈਂਡ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਚਰਨਕੰਵਲ ਸਾਹਿਬ ਤੱਕ ਆਲਾ ਦਰਜੇ ਦੀ ਸਟੀਲ ਦੇ ਪੁਲਾਂ ਦਾ ਨਿਰਮਾਣ ਕਰਾਇਆ ਜਾਵੇਗਾ ਅਤੇ ਇਸ 'ਤੇ 6 ਕਰੋੜ ਰੁਪਏ ਦੀ ਲਾਗਤ ਆਵੇਗੀ।

ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਅਤੇ ਸ਼ਹਿਰਾਂ 'ਚ ਆਵਾਜਾਈ ਸਹੂਲਤਾਵਾਂ 'ਚ ਸੁਧਾਰ ਲਿਆਉਣ ਦੇ ਇਰਾਦੇ ਨਾਲ 50 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ 'ਚ 7 ਪੁਲਾਂ ਦਾ ਨਿਰਮਾਣ ਕੰਮ ਸ਼ੁਰੂ ਕਰਵਾ ਕੇ ਤੈਅ ਸਮੇਂ 'ਚ ਮੁਕੰਮਲ ਕਰਾਇਆ ਜਾਵੇਗਾ। ਭਾਰਤਗੜ੍ਹ 'ਚ ਆਯੋਜਿਤ ਇਕ ਸਮਾਰੋਹ 'ਚ ਸ਼ਿਰੱਕਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜਿੱਥੇ ਅੱਜ ਸਮੁੱਚਾ ਸੰਸਾਰ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਉੱਥੇ ਉਨ੍ਹਾਂ ਵਲੋਂ ਵਸਾਏ ਗਏ ਇਸ ਇਤਿਹਾਸਕ ਕਸਬੇ ਦੀ ਕਾਇਆ ਕਲਪ ਕਰਨ 'ਚ ਇਹ ਪੁਲ ਮੀਲ ਦਾ ਪੱਥਰ ਸਾਬਿਤ ਹੋਣਗੇ। ਰਾਣਾ ਨੇ ਦੱਸਿਆ ਕਿ ਨੰਗਲ ਹਾਈਡਲ ਚੈਨਲ ਦੇ ਨੇੜੇ ਸਥਿਤ ਪਿੰਡ ਭਾਊਵਾਲ 'ਤੇ ਸਟੀਲ ਦਾ ਪੁਲ ਅਤੇ ਇਸ ਦੇ ਨਾਲ ਲਗਭਗ ਡੇਢ ਕਿਲੋਮੀਟਰ ਲਿੰਕ ਰੋਡ ਦਾ ਨਿਰਮਾਣ 1.88 ਕਰੋੜ ਰੁਪਏ 'ਚ ਕਰਾਇਆ ਜਾਵੇਗਾ।

Babita

This news is Content Editor Babita