ਦਸਮ ਪਿਤਾ ਜੀ ਦੇ ਪਰਿਵਾਰ ਨਾਲ ਸਬੰਧਤ ਵਿਰਾਸਤ ਨਾ ਸੰਭਾਲਣਾ ਵੱਡਾ ਦੁਖਾਂਤ

12/25/2018 3:40:25 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) - ਚਾਰ ਦਹਾਕੇ ਪਹਿਲਾਂ ਇਤਿਹਾਸਕ ਅਸਥਾਨਾਂ ਦੀ ਵੱਡੇ ਪੈਮਾਨੇ 'ਤੇ ਕਾਰ ਸੇਵਾ ਕਰਵਾਉਣ ਦਾ ਜੋ ਸੰਕਲਪ ਸਿੱਖ ਕੌਮ ਨੇ ਅਖਤਿਆਰ ਕੀਤਾ ਸੀ, ਉਸ 'ਚ ਹਰ ਪ੍ਰਾਣੀ ਨੇ ਹੱਥੀਂ ਟਹਿਲ ਕਮਾਉਣ ਨੂੰ ਆਪਣਾ ਫਰਜ਼ ਸਮਝਿਆ ਹੈ। ਨਤੀਜਾ ਇਹ ਨਿਕਲਿਆ ਕਿ ਸਾਡੇ ਗੁਰਧਾਮ ਸੁੰਦਰ ਦਿੱਖ ਭਰਪੂਰ ਤਾਂ ਬਣ ਗਏ ਪਰ ਉਹ ਇਤਿਹਾਸਕ ਨਿਸ਼ਾਨੀਆਂ ਇਸ ਕਾਰ ਸੇਵਾ 'ਚ ਨੇਸਤੋ-ਨਾਬੂਦ ਹੋ ਗਈਆਂ, ਜੋ ਸਬੰਧਤ ਅਸਥਾਨ ਦੀ ਤਵਾਰੀਖ ਦੀਆਂ ਗਵਾਹ ਸਨ। ਅਫਸੋਸਨਾਕ ਪਹਿਲੂ ਇਹ ਹੈ ਕਿ ਅਸੀਂ ਅੱਜ ਗੁਆਚੀ ਵਿਰਾਸਤ ਨੂੰ ਰੋ ਰਹੇ ਹਾਂ ਪਰ ਜੋ ਵਿਰਾਸਤਾਂ ਮੌਜੂਦ ਹਨ, ਉਨ੍ਹਾਂ ਦੀ ਹਿਫਾਜ਼ਤ ਲਈ ਸਾਡੇ ਕੋਲ ਕੋਈ ਪ੍ਰੋਗਰਾਮ ਹੀ ਨਹੀਂ। 
ਵਿਰਾਸਤ ਦੇ ਘਾਣ ਦੀ ਪੀੜ 

ਕਈ ਥਾਵਾਂ 'ਤੇ ਇਤਿਹਾਸਕ ਨਿਸ਼ਾਨੀਆਂ ਸਾਡੀਆਂ ਗਲਤੀਆਂ ਕਾਰਨ ਅਲੋਪ ਹੋ ਗਈਆਂ ਹਨ ਜਾਂ ਅਲੋਪ ਹੋਣ ਦੇ ਕਿਨਾਰੇ ਹਨ ਪਰ ਸਭ ਤੋਂ ਵੱਡਾ ਦੁਖਾਂਤ ਚਮਕੌਰ ਦੀ ਕੱਚੀ ਗੜ੍ਹੀ 'ਤੇ ਸਰਹਿੰਦ ਦੇ ਠੰਡੇ ਬੁਰਜ ਨੂੰ ਢਾਹੇ ਜਾਣ ਦਾ ਖਾਲਸਾ ਪੰਥ ਦੇ ਜ਼ਿਹਨ 'ਚ ਵੱਡੇ ਪਛਤਾਵੇ ਦੇ ਰੂਪ 'ਚ ਪਸਰ ਰਿਹਾ ਹੈ। ਚਮਕੌਰ ਦੀ ਕੱਚੀ ਗੜ੍ਹੀ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 21-22 ਦਸੰਬਰ ਨੂੰ ਬੇਜੋੜ ਤੇ ਅਸਾਵੀਂ ਜੰਗ ਲੜੀ ਸੀ ਅਤੇ ਕਰੀਬ 50 ਵਰ੍ਹੇ ਪਹਿਲਾਂ ਆਪਣੇ ਅਸਲ ਰੂਪ 'ਚ ਮੌਜੂਦ ਸੀ, ਜਿਸ ਨੂੰ ਢਾਹ ਕੇ ਅੱਜ ਗੁਰਦੁਆਰਾ ਗੜ੍ਹੀ ਸਾਹਿਬ ਸਥਾਪਤ ਕੀਤਾ ਗਿਆ ਹੈ। ਸਰਹਿੰਦ ਵਿਖੇ ਸਥਿਤ ਠੰਡੇ ਬੁਰਜ ਬਾਰੇ ਇਤਿਹਾਸਕ ਹਵਾਲਾ ਮਿਲਦਾ ਹੈ ਕਿ ਇਹ ਉੱਚੇ  ਗੁੰਬਦ ਦੇ ਰੂਪ 'ਚ ਮੌਜੂਦ ਸੀ ਤੇ ਇਸ ਦੇ ਚਾਰੇ ਪਾਸੇ ਤਲਾਬ ਰੁਪੀ ਸਰੋਵਰ ਸਨ। ਗਰਮੀਆਂ ਦੀ ਰੁੱਤ 'ਚ ਵਜ਼ੀਦ ਖਾਨ ਇਸ ਬੁਰਜ 'ਤੇ ਬੈਠਦਾ ਸੀ ਅਤੇ ਠੰਡੀ ਹਵਾ ਦਾ ਆਲਮ ਮਾਣਦਾ ਸੀ। ਉਸ ਬੁਰਜ ਨੂੰ ਕਾਰ ਸੇਵਾ ਦੌਰਾਨ ਢਹਿ-ਢੇਰੀ ਕੀਤਾ ਗਿਆ। ਕਾਸ਼ ਜੇਕਰ ਅੱਜ ਇਹ ਨਿਸ਼ਾਨੀਆਂ ਮੌਜੂਦ ਹੁੰਦੀਆਂ ਤਾਂ ਲੋਕ ਜ਼ਰੂਰ ਇਨ੍ਹਾਂ ਨੂੰ ਵੀ ਇੰਨੀ ਆਸਥਾ ਭਰਪੂਰ ਰੀਝ ਨਾਲ ਵੇਖਦੇ ਜਿਵੇਂ ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਭੋਰਾ ਸਾਹਿਬ 'ਚ ਸਥਿਤ ਉਸ ਕੱਚੀ ਕੰਧ ਨੂੰ ਵੇਖਦੇ ਹਨ, ਜਿਸ 'ਚ ਚਿਣ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। 

ਮਹਿਫੂਜ਼ ਵਿਰਾਸਤ 'ਤੇ ਕਿਵੇਂ ਮੰਡਰਾਅ ਰਿਹੈ ਖਤਰਾ
ਕੌੜਾ ਸੱਚ ਹੈ ਕਿ ਐੱਸ. ਜੀ. ਪੀ. ਸੀ. ਆਪਣੇ ਫਰਜ਼ਾਂ ਪ੍ਰਤੀ ਅਵੇਸਲੀ ਹੋ ਕੇ ਰਾਜਨੀਤੀ ਦੀ ਗ੍ਰਿਫਤ 'ਚ ਜਕੜੀ ਜਾ ਰਹੀ ਹੈ। ਦੁਨੀਆ ਭਰ 'ਚ ਖੜ੍ਹੀਆਂ ਮੋਹਰਾਂ ਵਿਛਾ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲੇ ਦੀਵਾਨ ਟੋਡਰ ਮੱਲ ਦੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਸਥਿਤ 'ਜਹਾਜ਼ ਹਵੇਲੀ' ਲੈਂਡ ਮਾਫੀਏ ਦੀ ਭੇਟਾ ਚੜ੍ਹਦੀ-ਚੜ੍ਹਦੀ ਬਚ ਗਈ, ਕਿਉਂਕਿ ਇਸ ਦਾ ਸਮੁੱਚੀਆਂ ਸੱਚ ਹਿਤੈਸ਼ੀ ਧਿਰਾਂ ਨੇ ਵਿਰੋਧ ਕੀਤਾ ਅਤੇ ਇਸ ਹਵੇਲੀ ਦੀ ਕੀਮਤ ਸ਼੍ਰੋਮਣੀ ਕਮੇਟੀ ਨੂੰ ਅਦਾ ਕਰਨੀ ਪਈ। ਸਰਸਾ ਨਦੀ ਕਿਨਾਰੇ ਪਰਿਵਾਰ ਵਿਛੋੜਾ ਪੈ ਜਾਣ ਤੋਂ ਬਾਅਦ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਬਾਬਾ ਕੁੰਮਾ ਮਾਸ਼ਕੀ ਦੀ ਝੌਂਪੜੀ 'ਚ ਪਹੁੰਚੇ। ਇਹ ਅਸਥਾਨ ਪਿੰਡ ਚੱਕ ਢੇਰਾਂ (ਰੂਪਨਗਰ) ਨੇੜੇ ਉਸ ਜਗ੍ਹਾ 'ਤੇ ਸਥਿਤ ਹੈ, ਜਿੱਥੇ ਸਰਸਾ ਨਦੀ ਆਪਣੀ ਹੋਂਦ ਨੂੰ ਖਤਮ ਕਰਕੇ ਸਤਲੁਜ ਦਰਿਆ 'ਚ ਅਭੇਦ ਹੋ ਜਾਂਦੀ ਹੈ। ਇਸ ਤੋਂ ਪਹਿਲੀ ਰਾਤ ਮਾਤਾ ਜੀ ਨੇ ਬਾਬਾ ਕੁੰਮਾ ਮਾਸ਼ਕੀ ਜੀ ਦੀ ਛੰਨ 'ਚ ਗੁਜ਼ਾਰੀ ਸੀ। ਦਰਿਆ ਪਾਰ ਕਰਕੇ ਜਦੋਂ ਮਾਤਾ ਜੀ ਬਾਬਾ ਕੁੰਮਾ ਮਾਸ਼ਕੀ ਤੇ ਮਾਤਾ ਲੱਛਮੀ ਤੋਂ ਵਿਦਾਇਗੀ ਲੈਣ ਲੱਗੇ ਤਾਂ ਉਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਮਾਤਾ ਜੀ ਨੇ ਦੋ ਮੋਹਰਾਂ ਦੇ ਮੁੱਲ ਦੀ ਆਰਸੀ ਤੇ ਸੋਨੇ ਦੀਆਂ 5 ਚੂੜੀਆਂ ਉਨ੍ਹਾਂ ਨੂੰ ਬਤੌਰ ਇਨਾਮ ਦੇ ਤੌਰ 'ਤੇ ਦੇ ਦਿੱਤੀਆਂ।  

ਨਿਹੰਗ ਖਾਂ ਦੇ ਕਿਲੇ ਦਾ ਦੁਖਾਂਤ
ਜਿਸ ਭੱਠੇ ਨੂੰ ਗੁਰੂ ਜੀ ਦੇ ਨੀਲੇ ਦੇ ਪੌੜਾਂ ਨੇ ਠੰਡਾ ਜੱਖ ਕੀਤਾ ਸੀ, ਉਸ ਦੇ ਮਾਲਕ ਪਠਾਨ ਨਿਹੰਗ ਖਾਂ ਦੇ ਨਾਂ 'ਤੇ ਅੱਜ ਪਿੰਡ ਕੋਟਲਾ ਨਿਹੰਗ ਵੱਸਦਾ ਹੈ। ਇਸ ਪਿੰਡ 'ਚ ਨਿਹੰਗ ਖਾਂ ਦਾ ਇਕ ਕਿਲਾ ਸੀ, ਜਿਸ 'ਚ ਸਿਰਫ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ, ਸਗੋਂ 4 ਹੋਰ ਗੁਰੂ ਸਾਹਿਬਾਨ ਵਲੋਂ ਚਰਨ ਪਾਏ ਜਾਣ ਦਾ ਹਵਾਲਾ ਵੀ ਮਿਲਦਾ ਹੈ। ਇਸ ਕਿਲੇ ਦੀ ਹੇਠਲੀ ਜ਼ਮੀਨ 'ਤੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਵਾਲੀ ਥਾਂ ਲੈਂਡ ਮਾਫੀਏ ਦੀ ਭੇਟਾ ਚੜ੍ਹ ਗਈ ਹੈ। ਕਿਲੇ ਦਾ ਵੱਡਾ ਹਿੱਸਾ ਲੈਂਡ ਮਾਫੀਏ ਨੇ ਮਲੀਆਮੇਟ ਕਰ ਦਿੱਤਾ ਹੈ।

rajwinder kaur

This news is Content Editor rajwinder kaur