ਸ੍ਰੀ ਅਕਾਲ ਤਖਤ ਸਾਹਿਬ ''ਤੇ ਮੁਆਫੀ ਮੰਗਣਾ ਬਾਦਲਾਂ ਦਾ ਢੋਂਗ : ਬ੍ਰਹਮਪੁਰਾ

12/08/2018 7:03:19 PM

ਅੰਮ੍ਰਿਤਸਰ : ਬੀਤੇ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਣ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਸਮੁੱਚੇ ਅਕਾਲੀ ਦਲ ਵਲੋਂ ਕੀਤੀ ਗਈ ਸੇਵਾ ਨੂੰ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਢੋਂਗ ਕਰਾਰ ਦਿੱਤਾ ਹੈ। ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਬਾਦਲ ਮੁਆਫੀ ਹੀ ਮੰਗਣੀ ਚਾਹੁੰਦੇ ਸਨ ਤਾਂ ਇੰਨਾ ਲਾਂਵ-ਲਸ਼ਕਰ ਲੈ ਕੇ ਆਉਣ ਦੀ ਕੀ ਜ਼ਰੂਰਤ ਸੀ, ਚੁੱਪ-ਚਾਪ ਸ੍ਰੀ ਅਕਾਲ ਤਖਤ ਸਾਹਿਬ ਆਉਂਦੇ ਅਤੇ ਮੁਆਫ ਮੰਗ ਕੇ ਪਰਤ ਜਾਂਦੇ ਜਦਕਿ ਵੋਟਾਂ ਕਾਰਨ ਬਾਦਲ ਪਿਓ-ਪੁੱਤ ਨੇ ਅਜਿਹੀ ਡਰਾਮੇਬਾਜ਼ੀ ਕੀਤੀ ਹੈ। ਬਾਦਲ ਸਿਰਫ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਜਾਲ 'ਚ ਫਸਾਉਣਾ ਚਾਹੁੰਦੇ ਹਨ। 


ਬ੍ਰਹਮਪੁਰਾ ਨੇ ਕਿਹਾ ਕਿ ਜਿਹੜੀਆਂ ਗਲਤੀਆਂ ਬਾਦਲ ਪਰਿਵਾਰ ਵਲੋਂ ਕੀਤੀਆਂ ਗਈਆਂ ਹਨ, ਇਹ ਬਹੁਤ ਵੱਡੀਆਂ ਹਨ ਅਤੇ ਇਨ੍ਹਾਂ ਲਈ ਮੁਆਫੀ ਨਹੀਂ ਦਿੱਤੀ ਜਾ ਸਕਦੀ। ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਕਿਸ ਗਲਤੀ ਲਈ ਮੁਆਫੀ ਮੰਗਣਗੇ। ਬ੍ਰਹਮਪੁਰਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ-ਮਰਿਆਦਾ ਨੂੰ ਢਹਿ ਢੇਰੀ ਕਰ ਦਿੱਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਕੋਠੀ 'ਚ ਬੁਲਾਇਆ ਗਿਆ। ਐੱਸ. ਜੀ. ਪੀ. ਸੀ. ਦਾ ਸਿਆਸੀ ਕਰਨ ਕੀਤਾ ਗਿਆ। ਗੁਰੂ ਸਾਹਿਬ ਦੀ ਬੇਅਦਬੀ ਦੇ ਰੋਸ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਗੋਲੀਆਂ ਚਲਵਾਈਆਂ। ਕਿਹੜੀ-ਕਿਹੜੀ ਗਲਤੀ ਲਈ ਬਾਦਲ ਮੁਆਫੀ ਮੰਗਣਗੇ। 


ਅੱਗੇ ਬੋਲਦੇ ਹੋਏ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੀ ਜੋੜੀ ਨੇ ਲੋਕਾਂ ਵਿਚੋਂ ਅਕਾਲੀ ਦਲ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਇਸ ਲਈ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਨ ਕਿ ਉਹ ਪੁੱਤਰ ਮੋਹ ਤਿਆਗ ਕੇ ਪਾਰਟੀ ਦੀ ਭਲਾਈ ਬਾਰੇ ਸੋਚਣ। ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜ ਵਾਰ ਮੁੱਖ ਮੰਤਰੀ ਬਣਾਇਆ ਹੈ, ਇਸ ਲਈ ਉਨ੍ਹਾਂ ਨੂੰ ਲੋਕਾਂ ਦੇ ਭਰੋਸੇ ਦਾ ਮੁੱਲ ਮੋੜਨਾ ਚਾਹੀਦਾ ਹੈ।

Gurminder Singh

This news is Content Editor Gurminder Singh