ਪੰਥਕ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਨਾਮਧਾਰੀਆਂ ਖਿਲਾਫ ਤੁਰੰਤ ਕੀਤੀ ਜਾਵੇ ਕਾਰਵਾਈ : ਸਿਰਸਾ

12/25/2019 11:21:14 PM

ਅੰਮ੍ਰਿਤਸਰ,(ਮਮਤਾ)- ਲੋਕ ਭਲਾਈ ਵੈਲਫੇਅਰ ਇਨਸਾਫ ਸੋਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਆਪਣੇ ਹੋਰ ਸਾਥੀਆਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਨਾਮਧਾਰੀਆਂ ਖਿਲਾਫ ਤੁਰੰਤ ਅਕਾਲ ਤਖਤ ਵੱਲੋਂ ਕਾਰਵਾਈ ਕਰਨ ਦੇ ਦਿੱਤੇ ਆਦੇਸ਼ਾਂ ਨੂੰ ਲਾਗੂ ਕਰਵਾਇਆ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਹੀ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਾਮਧਾਰੀਆ ਵੱਲੋਂ ਗੁਰਬਾਣੀ ਦੀ ਇਸ ਕਦਰ ਬੇਅਦਬੀ ਕੀਤੀ ਜਾ ਰਹੀ ਹੈ ਕਿ ਜਪੁਜੀ ਸਾਹਿਬ ਦੇ ਗੁਟਕੇ ਆਪਣੇ ਤੌਰ ਤਰੀਕੇ ਨਾਲ ਤਿਆਰ ਕੀਤੇ ਗਏ ਹਨ ਜਿਹਨਾਂ ਦੇ 800 ਸਫਿਆ ਵਿੱਚੋਂ 100 ਸਫੇ ਸਿਰਫ ਗੁਰੂ ਦੀ ਉਸਤਤਿ ਕਰਨ ਦੀ ਬਜਾਏ ਨਾਮਧਾਰੀ ਸੰਪਰਦਾ ਦੇ ਰਹਿ ਚੁੱਕੇ ਮੁੱਖੀਆਂ ਦੀ ਉਸਤਤਿ ਕੀਤੀ ਗਈ ਹੈ ਜੋ ਪੰਥਕ ਮਰਿਆਦਾ ਤੇ ਸਿਧਾਤਾਂ ਤੇ ਅਕਾਲ ਤਖਤ ਸਾਹਿਬ ਤੋਂ ਜਾਰੀ ਆਦੇਸ਼ਾਂ ਦੀ ਉਲੰਘਣਾ ਹੈ। ਸ੍ਰ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਅਕਾਲ ਤਖਤ 'ਤੇ ਪਹਿਲਾਂ ਹੀ ਕੀਤੀ ਸੀ ਜਿਸ 'ਤੇ ਕਾਰਵਾਈ ਕਰਦਿਆ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੂੰ ਜਾਂਚ ਲਈ ਭੇਜ ਦਿੱਤਾ ਤੇ ਕੁਝ ਸਮੇਂ ਬਾਅਦ ਧਰਮ ਪ੍ਰਚਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਨਾਮਧਾਰੀਆ ਖਿਲਾਫ ਰਿਪੋਰਟ ਦੇ ਦਿੱਤੀ। ਜੱਥੇਦਾਰ ਨੇ ਮੁੜ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਲਈ ਲਿਖ ਦਿੱਤਾ ਪਰ ਸ਼੍ਰੋਮਣੀ ਕਮੇਟੀ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਇੱਕ ਹੋਰ ਪੜਤਾਲੀਆ ਸਬ ਕਮੇਟੀ ਬਣਾ ਦਿੱਤੀ ਹੈ ਜੋ ਸਿੱਧੇ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਹੈ।

ਇਸੇ ਤਰ੍ਹਾ ਉਨ੍ਹਾਂ ਜਥੇਦਾਰ ਕੋਲੋ ਇਹ ਵੀ ਮੰਗ ਕੀਤੀ ਕਿ ਜਿਹੜੇ ਲੋਕ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਲਈ ਉਤਾਵਲੇ ਹੋਏ ਪਏ ਹਨ ਉਹਨਾਂ ਬਾਰੇ ਵੀ ਪੜਤਾਲ ਕੀਤੀ ਜਾਵੇ ਕਿ ਉਹਨਾਂ ਦੀ ਟਕਸਾਲ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਲਾਗੂ ਹੈ ਜੇਕਰ ਨਹੀ ਲਾਗੂ ਤਾਂ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਸ ਸਮੇਂ ਅਜੀਤ ਸਿੰਘ ਬਾਠ, ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਘੁੱਲਾ ਸਿੰਘ ਭਿੰਡੀ ਔਲਖ, ਰਾਗੀ ਸੁਖਵਿੰਦਰ ਸਿੰਘ, ਬਾਬਾ ਨਿਰਮਲ ਸਿੰਘ, ਕੁਲਦੀਪ ਸਿੰਘ, ਹੀਰਾ ਸਿੰਘ ਤੇ ਮਹਿਤਾਬ ਸਿੰਘ ਵੀ ਸਨ।