ਮਾਮਲਾ ਸਪਰੇਅ ਪੰਪ ’ਚੋਂ 4 ਕਿੱਲੋ ਹੈਰੋਇਨ ਮਿਲਣ ਦਾ: ਮੁੜ ਦਾਗਦਾਰ ਹੋਏ ਤਾਰ ਪਾਰ ਖੇਤੀ ਕਰਨ ਵਾਲੇ ਕਿਸਾਨ

05/31/2022 11:31:17 AM

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਸੈਕਟਰ ਦੇ ਨਾਲ ਲੱਗਦੀ ਬੀ. ਓ. ਪੀ. ਘੋਗਾ ਵਿਚ ਟਰੈਕਟਰ ਦੇ ਸਪਰੇਅ ਪੰਪ ਤੋਂ ਚਾਰ ਕਿੱਲੋ ਹੈਰੋਇਨ ਮਿਲਣ ਦੇ ਬਾਅਦ ਇਕ ਵਾਰ ਫਿਰ ਤੋਂ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ ਦਾਗਦਾਰ ਹੋ ਗਏ ਹਨ। ਇਸ ਮਾਮਲੇ ਵਿਚ ਇਕ ਰਹੱਸਮਈ ਪਹਿਲੂ ਜੋ ਸਾਹਮਣੇ ਆ ਰਿਹਾ ਹੈ, ਉਹ ਇਹ ਹੈ ਕਿ ਬੀ. ਐੱਸ. ਐੱਫ. ਨੇ ਸਪਰੇਅ ਪੰਪ ਵਿਚ ਛੁਪੀ ਹੋਈ ਹੈਰੋਇਨ ਨੂੰ ਤਾ ਜ਼ਬਤ ਕਰ ਲਿਆ ਹੈ ਪਰ ਹੁਣ ਤੱਕ ਇਸ ਹੈਰੋਇਨ ਨੂੰ ਮੰਗਵਾਉਣ ਵਾਲਾ ਕਿਸਾਨ ਬੀ. ਐੱਸ. ਐੱਫ. ਅਤੇ ਐੱਨ. ਸੀ. ਬੀ. ਜਾਂ ਫਿਰ ਹੋਰ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ ਹੈ ਜੋ ਕਈ ਸਵਾਲ ਖੜ੍ਹੇ ਕਰ ਰਿਹਾ ਹੈ।

ਬੀ. ਐੱਸ. ਐੱਫ. ਦੇ ਅੰਮ੍ਰਿਤਸਰ ਸੈਕਟਰ ਦੀ ਗੱਲ ਕਰੀਏ ਤਾਂ ਪਤਾ ਚੱਲਦਾ ਹੈ ਕਿ ਕਣਕ ਦੀ ਫਸਲ ਦੇ ਸੀਜ਼ਨ ਦੌਰਾਨ ਇਹ ਲਗਾਤਾਰ ਤੀਜੀ ਘਟਨਾ ਹੈ, ਜਿਸ ਵਿਚ ਤਾਰ ਦੇ ਪਾਰ ਖੇਤੀ ਵਾਲੀ ਜ਼ਮੀਨ ਤੋਂ ਖੇਤੀਬਾੜੀ ਕਰਨ ਵਾਲੇ ਸਮੱਗਰੀਆਂ ਤੋਂ ਹੈਰੋਇਨ ਜ਼ਬਤ ਕੀਤੀ ਗਈ ਹੈ। ਇਸ ਘਟਨਾ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਹੈਰੋਇਨ ਦੀ ਸਮੱਗਲਿੰਗ ਨੂੰ ਰੋਕਣ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਲ ਨਾਕਾਮ ਸਾਬਤ ਹੋ ਰਹੀ ਹੈ ਅਤੇ ਸਰਹੱਦ ’ਤੇ ਚਿੱਟੇ ਦੀ ਆਮਦ ਪਹਿਲਾਂ ਨਾਲੋਂ ਵੀ ਤੇਜ਼ ਹੋ ਗਈ ਹੈ।

ਅਟਾਰੀ ਕਸਬੇ ਕੋਲ ਚਿੱਟੇ ਦੀ ਵਿਕਰੀ ਲਈ ਬਦਨਾਮ ਹਨ ਕੁਝ ਪਿੰਡ
ਚਿੱਟੇ ਦੀ ਆਮਦ ਦੇ ਨਾਲ-ਨਾਲ ਚਿੱਟੇ ਦੀ ਵਿਕਰੀ ’ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਸਰਹੱਦੀ ਕਸਬਾ ਅਟਾਰੀ ਦੇ ਕੁਝ ਪਿੰਡ ਚਿੱਟੇ ਦੀ ਵਿਕਰੀ ਲਈ ਇਸ ਸਮੇਂ ਕਾਫ਼ੀ ਬਦਨਾਮ ਹੋ ਚੁੱਕੇ ਹਨ। ਇਕ ਪਿੰਡ ਤਾਂ ਅਜਿਹਾ ਵੀ ਹੈ ਜੋ ਪੁਲਸ ਥਾਣਾ ਘਰਿੰਡਾ ਦੇ ਬਿਲਕੁੱਲ ਨਜ਼ਦੀਕ ਹੈ ਪਰ ਫਿਰ ਵੀ ਉੱਥੇ ਚਿੱਟੇ ਦੀ ਵਿਕਰੀ ਹੋ ਰਹੀ ਹੈ, ਜਦਕਿ ਪੁਲਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਚਿੱਟੇ ਦੀ ਵਿਕਰੀ ਖ਼ਤਮ ਹੋ ਗਈ ਹੈ।

ਐੱਨ. ਸੀ. ਬੀ. ਦੇ ਕੇਸਾਂ ਵਿਚ ਦਰਜਨਾਂ ਕਿਸਾਨ ਸਮੱਗਲਰ ਰੂਪੋਸ਼
ਬਾਰਡਰ ਫੈਂਸਿੰਗ ਦੇ ਆਸ-ਪਾਸ ਬੀ. ਐੱਸ. ਐੱਫ. ਵਲੋਂ ਹੈਰੋਇਨ ਜ਼ਬਤ ਕੀਤੇ ਜਾਣ ਵਾਲੇ ਜ਼ਿਆਦਾਤਰ ਕੇਸਾਂ ਨੂੰ ਕੇਂਦਰੀ ਏਜੰਸੀ ਐੱਨ. ਸੀ. ਬੀ. ਡੀਲ ਕਰਦੀ ਹੈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐੱਨ. ਸੀ. ਬੀ. ਦੇ ਵੀ ਕੁਝ ਕੇਸਾਂ ਵਿੱਚ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ ਵੇਸ਼ੀ ਸਮੱਗਲਰ ਰੂਪੋਸ਼ ਚੱਲ ਰਹੇ ਹਨ। ਇਹ ਉਹ ਕਿਸਾਨ ਸਮੱਗਲਰ ਹਨ ਜੋ ਖੇਤੀ ਕਰਨ ਦੀ ਆੜ ਵਿਚ ਹੈਰੋਇਨ ਦੀ ਸਮੱਗਲਿੰਗ ਕਰਦੇ ਹਨ ਅਤੇ ਇਸ ਤਸਕਰਾਂ ਨੇ ਹੈਰੋਇਨ ਦੀ ਖੇਪ ਨੂੰ ਇੱਧਰ-ਉੱਧਰ ਕਰਨ ਲਈ ਤਾਰ ਦੇ ਪਾਰ ਜਾਂ ਤਾਰ ਦੇ ਨਜ਼ਦੀਕ ਖੇਤੀ ਕਰਨ ਲਈ ਠੇਕੇ ’ਤੇ ਜ਼ਮੀਨ ਲੈ ਰੱਖੀ ਹੈ ।

ਚਿੱਟੇ ਦੀਆਂ ਪੁੜੀਆਂ ਫੜਨ ਤੱਕ ਸੀਮਤ ਸਿਟੀ ਪੁਲਸ
ਇਕ ਪਾਸੇ ਜਿੱਥੇ ਥੋਕ ਵਿਚ ਭਾਰੀ ਮਾਤਰਾ ਵਿਚ ਪਾਕਿਸਤਾਨ ਤੋਂ ਹੈਰੋਇਨ ਮੰਗਵਾਈ ਜਾ ਰਹੀ ਹੈ ਤਾਂ ਉਥੇ ਹੀ ਸਿਟੀ ਪੁਲਸ ਚਿੱਟੇ ਦੀਆਂ ਪੁੜੀਆਂ ਫੜਨ ਤੱਕ ਸੀਮਤ ਨਜ਼ਰ ਆ ਰਹੀ ਹੈ। ਆਏ ਦਿਨ ਸਿਟੀ ਪੁਲਸ ਦੇ ਵੱਖ-ਵੱਖ ਥਾਣਿਆਂ ਵਿਚ ਕਦੇ ਦਸ ਗ੍ਰਾਮ ਤਾਂ ਕਦੇ ਵੀਹ ਗ੍ਰਾਮ ਹੈਰੋਇਨ ਫੜਨ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ ਅਤੇ ਚਿੱਟਾ ਵੇਚਣ ਵਾਲਿਆਂ ਨੂੰ ਵੀ ਫੜਿਆ ਜਾ ਰਿਹਾ ਹੈ ਪਰ ਅਸਲੀ ਕਿੰਗਪਿਨ ਤੱਕ ਸਿਟੀ ਪੁਲਸ ਹੱਥ ਨਹੀਂ ਪਾ ਰਹੀ ਹੈ ਜੋ ਇੱਕ ਵੱਡਾ ਸਵਾਲ ਖੜ੍ਹਾ ਕਰ ਰਹੀ ਹੈ। ਰਿਟੇਲ ਵਿਚ ਚਿੱਟਾ ਵੇਚਣ ਵਾਲਾ ਤਸਕਰ ਆਖਿਰਕਾਰ ਕਿੱਥੋ ਚਿੱਟਾ ਖਰੀਦ ਕੇ ਲਿਆ ਰਿਹਾ ਹੈ ਇਸ ਚੇਨ ਨੂੰ ਸਿਟੀ ਪੁਲਸ ਵਲੋਂ ਟਰੇਸ ਨਹੀਂ ਕੀਤਾ ਜਾ ਰਿਹਾ ਹੈ।

102 ਕਿੱਲੋ ਹੈਰੋਇਨ ਮਾਮਲੇ ਵਿਚ ਵੀ ਜਾਂਚ ਠੰਡੇ ਬਸਤੇ ’ਚ
ਆਈ. ਸੀ. ਪੀ. ਅਟਾਰੀ ਸਰਹੱਦ ’ਤੇ ਅਫਗਾਨਿਸਤਾਨ ਤੋਂ ਆਈ ਮਲੱਠੀ ਵਿਚੋਂ ਕਸਟਮ ਵਿਭਾਗ ਵਲੋਂ 102 ਕਿੱਲੋ ਹੈਰੋਇਨ ਜ਼ਬਤ ਕੀਤੇ ਜਾਣ ਦੀ ਜਾਂਚ ਵੀ ਠੰਡੇ ਬਸਤੇ ਵਿਚ ਪੈ ਚੁੱਕੀ ਹੈ। ਕਸਟਮ ਵਿਭਾਗ ਨੇ ਮਲੱਠੀ ਦਾ ਆਯਾਤ ਕਰਨ ਵਾਲੇ ਵਪਾਰੀ ਅਤੇ ਇਕ ਹੋਰ ਵਪਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਅਸਲੀਅਤ ਇੰਨੀ ਵੱਡੀ ਹੈਰੋਇਨ ਦੀ ਖੇਪ ਕਿਸ ਨੇ ਮੰਗਵਾਈ ਹੈ ਇਸ ਦਾ ਪਤਾ ਹੁਣ ਤੱਕ ਵਿਭਾਗ ਨਹੀਂ ਲਾ ਸਕਿਆ ਹੈ ਅਤੇ ਹਵਾ ਵਿਚ ਹੀ ਤੀਰ ਚਲਾ ਰਿਹਾ ਹੈ।

rajwinder kaur

This news is Content Editor rajwinder kaur