ਪਟਿਆਲਾ ''ਚ ਬਣਾਈ ਜਾਵੇਗੀ ਸਪੋਰਟਸ ਯੂਨੀਵਰਸਿਟੀ : ਰਾਣਾ ਸੋਢੀ

04/29/2018 12:13:04 AM

ਜਲਾਲਾਬਾਦ(ਸੇਤੀਆ, ਜਤਿੰਦਰ, ਨਿਖੰਜ, ਬਜਾਜ, ਟੀਨੂੰ, ਦੀਪਕ, ਮਿੱਕੀ, ਗੋਇਲ)—ਪੰਜਾਬ ਦੇ ਖੇਡ ਮੰਤਰੀ ਅਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਲਾਲਾਬਾਦ ਦੌਰੇ ਦੌਰਾਨ ਜਿਥੇ ਵੱਡੀ ਗਿਣਤੀ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਨੀਤੀ ਬਣਾਈ ਜਾਵੇਗੀ ਅਤੇ ਇਸ ਦੀ ਪਹਿਲੀ ਕੜੀ ਵਜੋਂ ਪਟਿਆਲਾ 'ਚ ਕਰੀਬ 250 ਏਕੜ ਜ਼ਮੀਨ ਵਿਚ ਸਪੋਰਟਸ ਯੂਨੀਵਰਸਿਟੀ ਬਣਾਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਬਾਬਾ ਮੇਹਰਬਾਨ ਸਿੰਘ, ਟਿੱਕਾ ਗੁਰਪ੍ਰਤਾਪ ਸਿੰਘ, ਇੰਦਰਜੀਤ ਸਿੰਘ ਮਦਾਨ, ਹੰਸ ਰਾਜ ਜੋਸਨ, ਮਲਕੀਤ ਸਿੰਘ ਹੀਰਾ, ਪ੍ਰਿਥਵੀ ਰਾਮ ਦੂਮੜਾ, ਜਸਨੀਕ ਸਿੰਘ ਰਾਜਾ, ਡਾ. ਬੀਡੀ ਕਾਲੜਾ, ਬੀ. ਐੱਸ. ਭੁੱਲਰ ਸਿਆਸੀ ਸਲਾਹਕਾਰ ਅਤੇ ਹੋਰ ਸਿਆਸੀ ਲੋਕ ਹਾਜ਼ਰ ਸਨ। ਸਭ ਤੋਂ ਪਹਿਲਾਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ ਅਤੇ ਬਾਅਦ 'ਚ ਉਨ੍ਹਾਂ ਆਮ ਲੋਕਾਂ ਨੂੰ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ ਅਤੇ ਇਸ ਦੇ ਲਈ ਪ੍ਰਾਇਮਰੀ ਪੱਧਰ 'ਤੇ ਵੱਖ-ਵੱਖ ਖੇਡਾਂ ਵਿਚ ਹੁਨਰਮੰਦ ਬੱਚਿਆਂ ਨੂੰ ਪਰਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਖੇਡਾਂ ਸਬੰਧੀ ਜੋ ਵੀ ਸਹੂਲਤਾਂ ਦੀ ਲੋੜ ਹੋਵੇਗੀ, ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਬੱਚੇ ਸਟੇਟ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਨਾਂ ਕਮਾ ਸਕਣ।