ਖੇਡ ਦੇ ਮੈਦਾਨ ''ਚ ਗਰਜੇ ਪਰ ਸਿਆਸਤ ''ਚ ਵਧੇਰੇ ਦਮ ਨਾ ਦਿਖਾ ਸਕੇ ਇਹ ਖਿਡਾਰੀ

07/15/2019 6:33:02 PM

ਚੰਡੀਗੜ੍ਹ : ਖੇਡ ਦੇ ਮੈਦਾਨ 'ਚ ਦਮ-ਖਮ ਦਿਖਾਉਣ ਵਾਲੇ ਦਿੱਗਜਾਂ ਦਾ ਜੋਸ਼ ਸਿਆਸਤ ਦੇ ਮੈਦਾਨ 'ਚ ਆ ਕੇ ਮੱਠਾ ਪੈ ਜਾਂਦਾ ਹੈ। ਪੰਜਾਬ ਦੀ ਸਿਆਸਤ 'ਚ ਵੱਡੀ ਗਿਣਤੀ ਖਿਡਾਰੀਆਂ ਨੇ ਸਿਆਸੀ ਪਾਰੀ ਸ਼ੁਰੂ ਤਾਂ ਕੀਤੀ ਪਰ ਇਸ ਵਿਚ ਸਫ਼ਲਤਾ ਘੱਟ ਦੇ ਹੀ ਹੱਥ ਲੱਗੀ। ਅਰਜਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਤੋਂ ਰਾਜਨੀਤਿਕ ਸਫ਼ਰ ਸ਼ੁਰੂ ਕੀਤਾ ਸੀ। ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਸੁਲਤਾਨਪੁਰ ਲੋਧੀ ਤੋਂ ਉਮੀਦਵਾਰ ਵੀ ਬਣਾਇਆ ਪਰ ਉਹ ਸਫ਼ਲ ਨਹੀਂ ਹੋਏ।

ਸਾਬਕਾ ਭਾਰਤੀ ਹਾਕੀ ਖਿਡਾਰਨ ਅਰਜੁਨ ਐਵਾਰਡੀ ਰਾਜਬੀਰ ਕੌਰ ਨੇ ਪਹਿਲਾਂ ਆਮ ਆਦਮੀ ਪਾਰਟੀ 'ਚ ਸਰਗਰਮੀਆਂ ਵਿੱਢੀਆਂ ਪਰ ਮਗਰੋ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕਰ ਲਈ। ਸਾਬਕਾ ਹਾਕੀ ਓਲੰਪੀਅਨ ਪਦਮਸ੍ਰੀ ਪਰਗਟ ਸਿੰਘ ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ। ਪਾਰਟੀ ਨਾਲ ਹੋਈ ਅਣਬਨ ਕਾਰਨ ਉਨ੍ਹਾਂ ਨੂੰ ਪਾਰਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ, ਜਿਸ ਮਗਰੋਂ ਪਰਗਟ ਸਿੰਘ ਨੇ ਵੀ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਮਗਰੋਂ ਕਾਂਗਰਸੀ ਬਣ ਗਏ। ਪਰਗਟ ਸਿੰਘ ਹੁਣ ਵੀ ਕਾਂਗਰਸ ਦੇ ਵਿਧਾਇਕ ਜ਼ਰੂਰ ਹਨ ਪਰ ਕੌਮਾਂਤਰੀ ਖਿਡਾਰੀ ਹੋਣ ਦੇ ਨਾਤੇ ਸਰਕਾਰ 'ਚ ਉਨ੍ਹਾਂ ਨੂੰ ਕੋਈ ਵਿਸ਼ੇਸ਼ ਭੂਮਿਕਾ ਨਿਭਾਉਣ ਦਾ ਮੌਕਾ ਨਹੀਂ ਮਿਲਿਆ।

ਪੰਜਾਬ ਕੈਬਨਿਟ 'ਚ ਨਵਜੋਤ ਸਿੰਘ ਸਿੱਧੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਦੋ ਕੌਮਾਂਤਰੀ ਖਿਡਾਰੀ ਸਨ। ਸੋਢੀ ਆਪਣੇ ਅਹੁਦੇ ਤੋਂ ਅੱਜ ਵੀ ਕਾਇਮ ਹਨ ਪਰ ਨਵਜੋਤ ਸਿੰਘ ਸਿੱਧੂ ਨੇ ਵਿਭਾਗ ਬਦਲੇ ਜਾਣ ਮਗਰੋਂ ਨਵੀਂ ਜ਼ਿੰਮੇਵਾਰੀ ਨਾ ਸੰਭਾਲਦਿਆਂ ਕੈਬਨਿਟ 'ਚੋਂ ਅਸਤੀਫ਼ਾ ਦੇ ਦਿੱਤਾ ਹੈ।

ਇਸ ਤੋਂ ਇਲਾਵਾ ਕਈ ਫਿਲਮੀ ਹਸਤੀਆਂ ਨੇ ਵੀ ਪੰਜਾਬ ਦੀ ਸਿਆਸਤ ਵਿਚ ਕਦਮ ਜ਼ਰੂਰ ਰੱਖਿਆ ਪਰ ਉਨ੍ਹਾਂ ਨੂੰ ਸਿਆਸਤ ਕੁਝ ਗਵਾਰਾ ਨਾ ਗੁਜ਼ਰੀ ਅਤੇ ਉਨ੍ਹਾਂ ਅੱਧਵਾਟੇ ਹੀ ਕਦਮ ਪਛਾਂਹ ਖਿੱਚ ਲਏ। ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ, ਬਲਕਾਰ ਸਿੱਧੂ ਵਰਗੀਆਂ ਹਸਤੀਆਂ ਨੇ ਸਿਆਸਤ ਵਿਚ ਕਿਸਮ ਅਜ਼ਮਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਪਰ ਉਨ੍ਹਾਂ ਹੱਥ ਵਧੇਰੇ ਸਫਲਤਾ ਨਹੀਂ ਲੱਗ ਸਕੀ।

Gurminder Singh

This news is Content Editor Gurminder Singh