ਅਧਿਆਪਕਾਂ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ

02/28/2018 6:39:07 AM

ਕਪੂਰਥਲਾ, (ਮੱਲ੍ਹੀ)- ਜ਼ਿਲੇ ਭਰ ਦੇ ਈ. ਟੀ. ਟੀ. ਅਧਿਆਪਕਾਂ ਦੀਆਂ ਪਿਛਲੇ ਤਿੰਨ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਨ, ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨਾਂ 'ਚ ਅਧਿਆਪਕਾਂ ਦੀਆਂ ਦੂਰ-ਦਰਾਡੇ ਪ੍ਰੀਖਿਆ ਕੇਂਦਰਾਂ 'ਚ ਡਿਊਟੀਆਂ ਲਾਉਣ ਦੇ ਵਿਰੋਧ 'ਚ ਅੱਜ ਵੱਖ-ਵੱਖ ਹਮਖਿਆਲੀ ਅਧਿਆਪਕ ਜਥੇਬੰਦੀਆਂ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਪੰਜਾਬ ਦੀ ਕਪੂਰਥਲਾ ਇਕਾਈ ਵੱਲੋਂ ਸਥਾਨਕ ਪੁਰਾਣੀ ਕਚਹਿਰੀ 'ਚ ਸਥਿਤ ਡੀ. ਸੀ. ਦਫਤਰ ਵਿਖੇ ਮਹਾ-ਰੋਸ ਰੈਲੀ ਦਾ ਆਯੋਜਨ ਕੀਤਾ ਗਿਆ। 
ਰੈਲੀ ਦੀ ਅਗਵਾਈ ਮੰਚ ਆਗੂ ਰਸ਼ਪਾਲ ਸਿੰਘ ਵੜੈਚ, ਸੁਖਦਿਆਲ ਸਿੰਘ ਝੰਡ, ਗੁਰਮੇਜ ਸਿੰਘ, ਸਰਤਾਜ ਸਿੰਘ, ਰਵੀ ਵਾਹੀ, ਭਜਨ ਸਿੰਘ ਮਾਨ, ਗੁਰਮੁਖ ਸਿੰਘ ਬਾਬਾ, ਲੈਕ. ਗੁਰਚਰਨ ਸਿੰਘ ਚਾਹਲ ਲੈਕ. ਤੇ ਅਮਰੀਕ ਸਿੰਘ ਨੰਢਾ ਆਦਿ ਨੇ ਕੀਤੀ। ਉਨ੍ਹਾਂ ਆਪੋ-ਆਪਣੇ ਸ਼ਬਦਾਂ ਰਾਹੀਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਤਨਖਾਹਾਂ ਲਈ ਸਮੇਂ ਸਿਰ ਬਜਟ ਜਾਰੀ ਨਾ ਕਰਨ, ਅਧਿਆਪਕਾਂ ਦੀ ਖੱਜਲ-ਖੁਆਰੀ ਪ੍ਰਤੀ ਸਾਲਾਨਾ ਪ੍ਰੀਖਿਆਵਾਂ ਲਈ ਉਨ੍ਹਾਂ ਦੀਆਂ ਡਿਊਟੀਆਂ ਘਰਾਂ ਤੋਂ 100-100 ਕਿਲੋਮੀਟਰ ਦੂਰ ਲਾਉਣ ਦੀ ਸਖ਼ਤ ਸ਼ਬਦਾਂ ਨਿਖੇਧੀ ਕਰਦਿਆਂ ਕੈਪਟਨ ਸਰਕਾਰ ਤੇ ਸਿੱਖਿਆ ਸਕੱਤਰ ਪੰਜਾਬ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੰਚ ਆਗੂ ਬੁਲਾਰਿਆਂ ਨੇ ਐਲਾਨ ਕੀਤਾ ਕਿ ਜ਼ਿਲਾ ਸਿੱਖਿਆ ਅਧਿਕਾਰੀਆਂ ਵੱਲੋਂ ਦੂਰ-ਦੁਰਾਡੇ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ ਤਬਦੀਲ ਕੀਤੀਆਂ ਜਾਣ। ਜੇ ਅਮਲ ਨਾ ਹੋਇਆ ਤਾਂ ਅਧਿਆਪਕ (ਮਾਸਟਰ ਕੇਡਰ, ਲੈਕਚਰਾਰ ਕੇਡਰ) ਇਮਤਿਹਾਨ ਕੇਂਦਰਾਂ 'ਚ ਲੱਗੀਆਂ ਡਿਊਟੀਆਂ ਦਾ ਮੁਕੰਮਲ ਬਾਈਕਾਟ ਕਰਨਗੇ। ਬੁਲਾਰਿਆਂ ਇਹ ਵੀ ਚਿਤਾਵਨੀ ਦਿੱਤੀ ਕਿ ਜੇ ਤਨਖਾਹ ਬਜਟ ਜਲਦ ਜਾਰੀ ਨਾ ਕੀਤਾ ਗਿਆ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਮਹਾ-ਰੋਸ ਰੈਲੀ ਦੌਰਾਨ ਸਰਬ ਸਿੱਖਿਆ, ਰਮਸਾ ਤੇ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਰੈਗੂਲਰ ਕਰਨ ਅਤੇ ਅਧਿਆਪਕ ਆਗੂਆਂ ਉੱਪਰ ਦਰਜ ਕੀਤੇ ਗਏ ਝੂਠੇ ਪਰਚੇ ਰੱਦ ਕਰਨ ਦੀ ਮੰਗ ਨੇ ਵੀ ਜ਼ੋਰ ਫੜਿਆ। 

ਇਸ ਦੌਰਾਨ ਪੰਜਾਬ ਸਰਕਾਰ ਦੇ ਨਾਂ ਏ. ਡੀ. ਸੀ. (ਜਨਰਲ) ਕਪੂਰਥਲਾ ਰਾਹੁਲ ਚਾਬਾ ਨੂੰ ਮੰਚ ਆਗੂ ਅਧਿਆਪਕਾਂ ਵੱਲੋਂ ਮੰਗ-ਪੱਤਰ ਦਿੱਤਾ ਗਿਆ। ਇਸ 'ਚ ਇਹ ਵੀ ਚਿਤਾਵਨੀ ਦਿੱਤੀ ਗਈ ਕਿ ਜੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਨੇ ਗੰਭੀਰਤਾ ਨਾਲ ਲੈਂਦਿਆਂ ਜਲਦ ਐਕਸ਼ਨ ਨਾ ਲਿਆ ਤਾਂ ਅਧਿਆਪਕ ਪੱਕੇ ਤੌਰ 'ਤੇ ਹੀ ਡੀ. ਸੀ. ਦਫਤਰ ਵਿਖੇ ਰੋਸ ਧਰਨਾ ਲਾਉਣਗੇ।ਇਸ ਮੌਕੇ ਕੁਸ਼ਲ ਕੁਮਾਰ, ਹਰਜਿੰਦਰ ਸਿੰਘ ਢੋਟ, ਅਮਿੰਦਰ ਥਿੰਦ, ਸੁਰਿੰਦਰਜੀਤ ਸਿੰਘ, ਰਾਜਿੰਦਰ ਸਿੰਘ ਭੌਰ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਰਾਜੇਸ਼ ਜੌਲੀ, ਰਮੇਸ਼ ਭੇਟਾਂ, ਗੁਰਮੀਤ ਖਾਲਸਾ, ਦਲਜੀਤ ਸੈਣੀ, ਅਜੈ ਕੁਮਾਰ ਫਗਵਾੜਾ, ਜਸਬੀਰ ਸੈਣੀ, ਮਨਪ੍ਰੀਤ ਸਿੰਘ, ਪ੍ਰਦੀਪ ਟੋਨੀ, ਸਤੀਸ਼ ਕੁਮਾਰ, ਅਮਰੀਕ ਸਿੰਘ, ਕੁਲਵਿੰਦਰ ਕੌਰ, ਪਰਮਜੀਤ ਕੌਰ, ਰਾਜ ਰਾਣੀ, ਰਾਜਵਿੰਦਰ ਕੌਰ, ਨਵਨੀਤ ਜੰਮੂ, ਮਨਜੀਤ ਕੌਰ, ਸਤਵਿੰਦਰ ਕੌਰ ਤੇ ਰਜਨੀ ਵਾਲੀਆ ਆਦਿ ਹਾਜ਼ਰ ਸਨ।