ਵੱਡੀ ਖ਼ਬਰ : ਹਰਿਆਣਾ 'ਚ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਤੇਜ਼ ਰਫ਼ਤਾਰ ਟਰੱਕ ਨੇ ਦਰੜਿਆ, 3 ਦੀ ਮੌਤ

10/28/2021 12:35:51 PM

ਹਰਿਆਣਾ/ਬੁਢਲਾਡਾ,ਮਾਨਸਾ (ਪਰਵੀਨ ਧਨਖੜ੍ਹ, ਬਾਂਸਲ, ਮਿੱਤਲ) : ਹਰਿਆਣਾ ਦੇ ਬਹਾਦੁਰਗੜ੍ਹ 'ਚ ਤੇਜ਼ ਰਫ਼ਤਾਰ ਟਰੱਕ ਵੱਲੋਂ ਅੰਦੋਲਨਕਾਰੀ ਕਿਸਾਨ ਬੀਬੀਆਂ ਨੂੰ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਬਹਾਦੁਰਗੜ੍ਹ ਦੇ ਫਲਾਈਓਵਰ ਹੇਠਾਂ ਝੱਜਰ ਰੋਡ 'ਤੇ ਵਾਪਰੀ। ਜਿੱਥੇ ਡਿਵਾਈਡਰ 'ਤੇ ਬੈਠੀਆਂ ਕਿਸਾਨ ਬੀਬੀਆਂ ਉੱਪਰ ਟਰੱਕ ਚੜ੍ਹ ਗਿਆ। ਇਸ ਹਾਦਸੇ ਦੌਰਾਨ 3 ਬਜ਼ੁਰਗ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੀਵਾਲੀ 'ਤੇ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਲਈ CM ਚੰਨੀ ਨੇ ਜਾਰੀ ਕੀਤੇ ਨਿਰਦੇਸ਼

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਬੀਬੀਆਂ ਘਰ ਜਾਣ ਲਈ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ। ਇਸ ਦੌਰਾਨ ਮੌਕੇ 'ਤੇ 2 ਕਿਸਾਨ ਬੀਬੀਆਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੇ ਹਸਪਤਾਲ 'ਚ ਦਮ ਤੋੜ ਦਿੱਤਾ। 

ਇਹ ਵੀ ਪੜ੍ਹੋ : ਮੋਹਾਲੀ ਦੇ ਫੇਜ਼-7 ਲਾਈਟ ਪੁਆਇੰਟ ਨੇੜੇ ਖ਼ੌਫ਼ਨਾਕ ਵਾਰਦਾਤ, ਨੌਜਵਾਨ ਨੂੰ ਗੋਲੀ ਮਾਰ ਲੁਟੇਰਿਆਂ ਨੇ ਖੋਹੀ ਕਾਰ


ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀਆਂ ਰਹਿਣ ਵਾਲੀਆਂ ਸਨ ਬੀਬੀਆਂ
ਸਾਰੀਆਂ ਬੀਬੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ। ਇਹ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਲਈ ਗਈਆ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਬੀਬੀਆਂ ਵਿਚ ਅਮਰਜੀਤ ਕੌਰ (58) ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ (60) ਪਤਨੀ ਭੋਲਾ ਸਿੰਘ ਅਤੇ ਛਿੰਦਰ ਕੌਰ (61) ਪਤਨੀ ਭਾਨ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ : ਕੈਪਟਨ ਤੇ ਨਵਜੋਤ ਸਿੱਧੂ ਵਿਚਾਲੇ ਟਵਿੱਟਰ ਵਾਰ, ਇਕ-ਦੂਜੇ ਖ਼ਿਲਾਫ਼ ਜੰਮ ਕੇ ਕੱਢੀ ਭੜਾਸ

ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ ਅਤੇ ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਇਹ ਬੀਬੀਆਂ ਦਿੱਲੀ ਤੋਂ ਬਹਾਦੁਰਗੜ੍ਹ ਹੋ ਕੇ ਪੰਜਾਬ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਇੱਕ ਟਰੱਕ ਨੇ ਬੇਕਾਬੂ ਹੋ ਕੇ ਇਨ੍ਹਾਂ ਨੂੰ ਦਰੜ ਦਿੱਤਾ। ਟਰੱਕ ਚਾਲਕ ਮੌਕੇ 'ਤੇ ਦੌੜ ਗਿਆ ਅਤੇ ਪੁਲਸ ਨੇ ਆ ਕੇ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita