ਹੁਣ 65 ਸਾਲ ਦੀ ਉਮਰ ''ਚ ਰਿਟਾਇਰ ਹੋਣਗੇ ਮਾਹਰ ਡਾਕਟਰ

09/20/2019 8:23:02 PM

ਚੰਡੀਗੜ੍ਹ,(ਰਮਨਜੀਤ) : ਪੰਜਾਬ ਸਰਕਾਰ ਨੇ ਅੱਜ ਸਪੈਸ਼ਲਿਸਟ ਡਾਕਟਰਾਂ ਦੇ ਸੇਵਾਕਾਲ ਦੀ ਉਮਰ ਹੱਦ 60 ਸਾਲ ਤੋਂ ਵਧਾ ਕੇ 65 ਸਾਲ ਕਰ ਦਿੱਤੀ ਹੈ। ਹੁਣ ਸਪੈਸ਼ਲਿਸਟ ਡਾਕਟਰ ਆਪਣੀ ਸੇਵਾਮੁਕਤੀ ਦੇ ਸਮੇਂ ਤੋਂ ਬਾਅਦ ਵੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ 'ਚ ਆਪਣੀਆਂ ਸੇਵਾਵਾਂ ਨਿਭਾ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਸਪੈਸ਼ਲਿਸਟ ਡਾਕਟਰਾਂ ਦੀ ਉਮਰ ਹੱਦ ਵਧਾਉਣ ਦਾ ਫੈਸਲਾ ਲਿਆ ਹੈ ਤਾਂ ਜੋ ਲੰਬੇ ਸਮੇਂ ਤੱਕ ਉਹ ਵਿਭਾਗ 'ਚ ਆਪਣੀਆਂ ਸੇਵਾਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿਹਤ ਇਕ ਤਰਜੀਹੀ ਖੇਤਰ ਹੈ ਤੇ ਇਸ ਖੇਤਰ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪ੍ਰੰਬਧਕੀ ਵਿਭਾਗ ਵਲੋਂ 384 ਖਾਲੀ ਅਸਾਮੀਆਂ 'ਤੇ ਰੈਗੂਲਰ ਭਰਤੀ ਕਰਨ ਤੱਕ ਗਾਇਨੀਕੋਲੋਜਿਸਟ, ਸਰਜਨ, ਆਰਥੋਪੈਡਿਸ਼ਿਅਨਜ਼, ਰੇਡੀਓਲੋਜਿਸਟ, ਐਨੇਸਥੀਟਿਸਟਸ ਆਦਿ ਨੂੰ ਕੰਸਲਟੈਂਟ ਤੌਰ 'ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੁਰੂ 'ਚ ਹਰੇਕ ਕੰਸਲਟੈਂਟ ਨੂੰ ਇਕ ਸਾਲ ਦੇ ਸਮੇਂ ਲਈ ਠੇਕਾ ਅਧਾਰ 'ਤੇ ਨਿਯੁਕਤ ਕੀਤਾ ਜਾਵੇਗਾ ਜਿਸ 'ਚ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਸਾਲ-ਦਰ-ਸਾਲ ਵਾਧਾ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕਰਦਿਆਂ ਦੱÎਸਿਆ ਕਿ ਇਨ੍ਹਾਂ ਕੰਸਲਟੈਂਟਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਉਨ੍ਹਾਂ ਦੇ ਸੇਵਾਕਾਲ ਦੀ ਆਖਰੀ ਤਨਖਾਹ 'ਚੋਂ ਪੈਨਸ਼ਨ ਦੀ ਰਕਮ ਘਟਾ ਕੇ ਬਚਦੀ ਰਕਮ ਤੋਂ ਜ਼ਿਆਦਾ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਕੰਸਲਟੈਂਟ ਸਿਰਫ ਕਲੀਨਿਕਲ ਡਿਊਟੀਆਂ ਨਿਭਾਉਣਗੇ ਤੇ ਕਿਸੇ ਵੀ ਕੇਸ 'ਚ ਉਨ੍ਹਾਂ ਨੂੰ ਕੋਈ ਪ੍ਰਸ਼ਾਸਕੀ ਡਿਊਟੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪ੍ਰਬੰਧਕੀ ਵਿਭਾਗ ਨੂੰ ਭਰਤੀ ਪ੍ਰਕਿਰਿਆ ਦੌਰਾਨ 100 ਫੀਸਦੀ ਪਾਰਦਰਸ਼ਿਤਾ ਬਣਾਏ ਰੱਖਣ, ਮੈਰਿਟ ਦੇ ਆਧਾਰ 'ਤੇ ਨਿਯੁਕਤੀਆਂ ਯਕੀਨੀ ਬਣਾਉਣ ਤੇ ਸਟੇਸ਼ਨ ਅਲਾਟ ਕਰਨ ਦੀ ਹਦਾਇਤ ਵੀ ਦਿੱਤੀ।

ਸਿੱਧੂ ਨੇ ਦੱਸਿਆ ਕਿ ਇਕ ਸਾਲ ਲਈ ਕੰਸਲਟੈਂਟਾਂ ਦੀ ਨਿਯੁਕਤੀ ਲਈ ਵੱਧ ਤੋਂ ਵੱਧ ਉਮਰ 64 ਸਾਲ ਹੋਵੇਗੀ ਤੇ ਕੰਸਲਟੈਂਟ ਦੀ ਉਮਰ 65 ਸਾਲ ਦੀ ਹੋਣ 'ਤੇ ਕਿਸੇ ਵੀ ਹਾਲਾਤ 'ਚ ਉਸ ਦੀ ਸੇਵਾ ਨੂੰ ਬਰਕਰਾਰ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਕਾਂਟ੍ਰੈਕਟ ਨੂੰ ਕਾਂਟ੍ਰੈਕਟ ਦੇ ਸਮੇਂ ਦੌਰਾਨ ਪ੍ਰਾਈਵੇਟ ਪ੍ਰੈਕਟਿਸ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਸਲਟੈਂਟ ਦੀ ਭਰਤੀ ਠੇਕਾ ਆਧਾਰ 'ਤੇ ਹੋਵੇਗੀ ਤੇ ਵਿੱਤ ਵਿਭਾਗ ਵਲੋਂ ਇਸ ਸਬੰਧੀ ਸਮੇਂ-ਸਮੇਂ 'ਤੇ ਜਾਰੀ ਹਦਾਇਤਾਂ ਅਨੁਸਾਰ ਹੋਰ ਸ਼ਰਤਾਂ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਡਾਇਰੈਕਟਰ ਹੈਲਥ ਸਰਵਿਸਿਜ਼ ਵਲੋਂ ਚੋਣ ਪ੍ਰਕਿਰਿਆ ਸਬੰਧੀ ਮਾਪਦੰਡ ਤਿਆਰ ਕੀਤੇ ਜਾਣਗੇ ਤੇ ਸਟੇਸ਼ਨਾਂ ਸਮੇਤ ਅਸਾਮੀਆਂ ਦੀ ਜਾਣਕਾਰੀ ਸਿਹਤ ਵਿਭਾਗ ਦੀ ਸਰਕਾਰੀ ਵੈਬਸਾਈਟ 'ਤੇ ਦਿੱਤੀ ਜਾਵੇਗੀ।