ਜੈਕਾਰਿਆਂ ਦੀ ਗੂੰਜ 'ਚ ਵਾਰਾਣਸੀ ਲਈ ਸਪੈਸ਼ਲ ਟਰੇਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ, ਵੇਖੋ ਤਸਵੀਰਾਂ

02/21/2024 4:44:35 PM

ਜਲੰਧਰ (ਗੁਲਸ਼ਨ)-ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਹੇਠ ਅੱਜ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਵਿਸ਼ੇਸ਼ ਰੇਲ ਗੱਡੀ ਬੇਗਮਪੂਰਾ ਐਕਸਪ੍ਰੈੱਸ ਰਵਾਨਾ ਕਰ ਦਿੱਤੀ ਗਈ ਹੈ। ਇਸ ਰੇਲਗੱਡੀ ਵਿਚ 1550 ਦੇ ਕਰੀਬ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਗਏ ਹਨ। ਇਸ ਮੌਕੇ ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੇ ਦਿਸੇ। ਇਥੇ ਇਹ ਵੀ ਦੱਸ ਦੇਈਏ ਕਿ ਅਚਾਨਕ ਸੰਤ ਨਿਰੰਜਨ ਦਾਸ ਜੀ ਦੀ ਸਿਹਤ ਵਿਗੜਨ ਉਹ ਸ਼ਰਧਾਲੂਆਂ ਦੇ ਨਾਲ ਵਾਰਾਣਸੀ ਨਹੀਂ ਜਾ ਸਕੇ ਹਨ। ਉਕਤ ਟਰੇਨ 20 ਮਿੰਟ ਦੀ ਦੇਰੀ ਨਾਲ ਇਥੋਂ ਰਵਾਨਾ ਹੋਈ ਹੈ। 

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 24 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਵਿਖੇ ਇਸ ਪੁਰਬ ਨੂੰ ਮਨਾਉਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਵਾਰਾਣਸੀ ਜਾਂਦੇ ਹਨ। ਇਹ ਸਪੈਸ਼ਲ ਟਰੇਨ 25 ਫਰਵਰੀ ਨੂੰ ਵਾਪਸੀ ਲਈ ਵਾਰਾਣਸੀ ਤੋਂ ਚੱਲ ਕੇ 26 ਫਰਵਰੀ ਨੂੰ ਜਲੰਧਰ ਪਰਤੇਗੀ। ਇਹ ਸਪੈਸ਼ਲ ਟਰੇਨ ਡੇਰਾ ਸੰਤ ਸਰਵਣ ਦਾਸ ਸੱਚਖੰਡ ਬੱਲਾਂ ਵੱਲੋਂ ਬੁੱਕ ਕਰਵਾਈ ਗਈ ਸੀ। ਸਪੈਸ਼ਲ ਟਰੇਨ ਦੀਆਂ ਸੀਟਾਂ ਦੀ ਬੁਕਿੰਗ ਤੋਂ ਲੈ ਕੇ ਖਾਣ-ਪੀਣ, ਰਹਿਣ-ਸਹਿਣ ਦਾ ਸਾਰਾ ਪ੍ਰਬੰਧ ਡੇਰੇ ਵੱਲੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਪੁਰਤਗਾਲ ਤੋਂ ਪਰਤੀ ਜਵਾਨ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

ਇਸ ਤੋਂ ਪਹਿਲਾਂ ਸੰਤ ਨਿਰੰਜਣ ਦਾਸ ਜੀ ਇਕ ਸ਼ੋਭਾ ਯਾਤਰਾ ਦੇ ਰੂਪ ਵਿਚ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੇ। ਸਟੇਸ਼ਨ ਦੇ ਸਰਕੁਲੇਟਿੰਗ ਏਰੀਏ ਵਿਚ ਬਣੇ ਪੰਡਾਲ ਵਿਚ ਉਨ੍ਹਾਂ ਨੇ ਸੰਗਤ ਨੂੰ ਦਰਸ਼ਨ ਦਿੱਤੇ। ਇਸ ਦੌਰਾਨ ਸੰਗਤ ਤੋਂ ਇਲਾਵਾ ਕਈ ਸਿਆਸੀ ਨੇਤਾਵਾਂ ਨੇ ਵੀ ਸੰਤ ਨਿਰੰਜਣ ਦਾਸ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਮੁੱਖ ਤੌਰ ’ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਰਾਜਵਿੰਦਰ ਕੌਰ, ਵਿਧਾਇਕ ਰਮਨ ਅਰੋੜਾ, ਸ਼ੀਤਲ ਅੰਗੁਰਾਲ, ਨਾਰਥ ਹਲਕੇ ਦੇ ਇੰਚਾਰਜ ਦਿਨੇਸ਼ ਢੱਲ, ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੂਬਾ ਉਪ ਪ੍ਰਧਾਨ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਪਵਨ ਟੀਨੂੰ, ਅਵਿਨਾਸ਼ ਚੰਦਰ, ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਜ਼ਿਲ੍ਹਾ ਸਕੱਤਰ ਸੌਰਭ ਮਹੇ ਸਮੇਤ ਕਈ ਨੇਤਾ ਮੌਜੂਦ ਸਨ।

ਸਪੈਸ਼ਲ ਟਰੇਨ ਜਾਣ ਮੌਕੇ ਜਲੰਧਰ ਦੇ ਆਸ-ਪਾਸ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਵੀ ਭਾਰੀ ਗਿਣਤੀ ਵਿਚ ਗੁਰੂ ਰਵਿਦਾਸ ਨਾਮਲੇਵਾ ਸੰਗਤ ਸਟੇਸ਼ਨ ’ਤੇ ਪਹੁੰਚੀ। ਸੰਗਤ ਵੱਲੋਂ ਲਗਾਏ ‘ਜੈ ਗੁਰੂਦੇਵ ਧੰਨ ਗੁਰੂਦੇਵ’ ਦੇ ਨਾਅਰਿਆਂ ਨਾਲ ਸਟੇਸ਼ਨ ਕੰਪਲੈਕਸ ਗੂੰਜ ਉੱਠਿਆ। ਬਾਅਦ ਦੁਪਹਿਰ 3.30 ਵਜੇ ਟਰੇਨ ਪਲੇਟਫਾਰਮ ਨੰਬਰ 2 ਤੋਂ ਰਵਾਨਾ ਹੋਈ। ਟਰੇਨ ਜਾਣ ਤੋਂ ਬਾਅਦ ਸੰਗਤ ਨੇ ਰੇਲ ਲਾਈਨਾਂ ਨੂੰ ਮੱਥਾ ਟੇਕ ਕੇ ਆਪਣੀ ਆਸਥਾ ਜਤਾਈ। ਟਰੇਨ ਵਿਚ ਸੰਤ ਕ੍ਰਿਸ਼ਨ ਨਾਥ ਚਹੇੜੂ ਵਾਲੇ ਅਤੇ ਮਨਦੀਪ ਦਾਸ ਸਿਰਸਗੜ੍ਹ ਵਾਲੇ ਵੀ ਸੰਗਤ ਨਾਲ ਗਏ। ਇਹ ਸਪੈਸ਼ਲ ਟਰੇਨ 25 ਨੂੰ ਚੱਲ ਕੇ 26 ਫਰਵਰੀ ਨੂੰ ਵਾਪਸ ਆਵੇਗੀ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਆਈ. ਪੀ. ਐੱਸ. ਸੰਦੀਪ ਸ਼ਰਮਾ, ਅੰਕੁਰ ਗੁਪਤਾ ਸਮੇਤ ਕਈ ਅਧਿਕਾਰੀਆਂ ਨੇ ਖੁਦ ਸੁਰੱਖਿਆ ਦੀ ਕਮਾਨ ਸੰਭਾਲੀ ਹੋਈ ਸੀ।

ਉਥੇ ਹੀ ਦੂਜੇ ਪਾਸੇ ਸਪੈਸ਼ਲ ਟਰੇਨ ਇਸ ਵਾਰ ਪਲੇਟਫਾਰਮ ਨੰਬਰ 2 ਤੋਂ ਚਲਾਈ ਗਈ ਕਿਉਂਕਿ ਇਕ ਨੰਬਰ ਪਲੇਟਫਾਰਮ ਨੂੰ ਤੋੜ ਕੇ ਦੋਬਾਰਾ ਬਣਾਇਆ ਜਾ ਰਿਹਾ ਹੈ। ਪੁਲ ਦੇ ਦੂਜੇ ਪਾਸੇ ਟਰੇਨ ਖੜ੍ਹੀ ਹੋਣ ਕਾਰਨ ਸੰਗਤ ਨੂੰ ਦਿੱਕਤ ਵੀ ਪੇਸ਼ ਆਈ। ਇਸ ਦੌਰਾਨ ਅੰਮ੍ਰਿਤਸਰ ਤੋਂ ਆ ਰਹੀਆਂ ਬਾਕੀ ਟਰੇਨਾਂ ਨੂੰ ਪਲੇਟਫਾਰਮ ਨੰਬਰ 3 ਤੋਂ ਚਲਾਇਆ ਗਿਆ।

 

ਸੰਤ ਨਿਰੰਜਣ ਦਾਸ ਜੀ ਦੀ ਸਿਹਤ ਵਿਗੜੀ, ਟਰੇਨ ਤੋਂ ਉਤਾਰ ਕੇ ਹਸਪਤਾਲ ਲਿਜਾਣਾ ਪਿਆ
ਬੇਗਮਪੁਰਾ ਐਕਸਪ੍ਰੈੱਸ ਦੀ ਅਗਵਾਈ ਕਰ ਰਹੇ ਸੰਤ ਨਿਰੰਜਣ ਦਾਸ ਜੀ ਦੀ ਟਰੇਨ ਵਿਚ ਬੈਠਣ ਤੋਂ ਬਾਅਦ ਅਚਾਨਕ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਟ੍ਰੇਨ ਵਿਚੋਂ ਉਤਾਰ ਕੇ ਵ੍ਹੀਲਚੇਅਰ ਵਿਚ ਬਿਠਾ ਕੇ ਉਨ੍ਹਾਂ ਦੀ ਗੱਡੀ ਤਕ ਪਹੁੰਚਾਇਆ ਗਿਆ। ਇਸ ਦੌਰਾਨ ਉਥੇ ਡੇਰੇ ਦੇ ਪ੍ਰਮੁੱਖ ਸੇਵਾਦਾਰਾਂ ਤੋਂ ਇਲਾਵਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਕੈਬਨਿਟ ਮੰਤਰੀ ਬਲਕਾਰ ਸਿੰਘ, ਦਿਨੇਸ਼ ਢੱਲ ਤੋਂ ਇਲਾਵਾ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਵੀ ਮੌਜੂਦ ਸਨ।

ਸੰਸਦ ਮੈਂਬਰ ਰਿੰਕੂ ਨੇ ਦੱਸਿਆ ਕਿ ਮਹਾਰਾਜ ਜੀ ਨੂੰ 103 ਬੁਖਾਰ ਸੀ। ਟ੍ਰੇਨ ਵਿਚ ਜਦੋਂ ਉਨ੍ਹਾਂ ਦਾ ਬੀ. ਪੀ. ਚੈੱਕ ਕੀਤਾ ਗਿਆ ਤਾਂ ਉਨ੍ਹਾਂ ਦਾ ਬੀ. ਪੀ. ਡਾਊਨ ਆਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਟ੍ਰੇਨ ਵਿਚ ਬਨਾਰਸ ਨਾ ਜਾਣ ਦੀ ਗੁਜ਼ਾਰਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਉਹ ਬਿਲਕੁਲ ਠੀਕ ਹਨ। ਉਨ੍ਹਾਂ ਨੂੰ  ਆਰਾਮ ਕਰਨ ਦੀ ਸਲਾਹ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸੰਤ ਨਿਰੰਜਣ ਦਾਸ ਜੀ ਹੁਣ ਹਵਾਈ ਰਸਤੇ ਬਨਾਰਸ ਜਾਣਗੇ।

ਇਹ ਵੀ ਪੜ੍ਹੋ: ਕਿਸਾਨੀ ਸੰਘਰਸ਼ 'ਚ ਸ਼ਾਮਲ ਹੋਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਮਿਲੀ ਦਰਦਨਾਕ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri