ਨਥਾਣਾ ''ਚ ਜਾਇਦਾਦ ਲਈ ਪੁੱਤ ਨੇ ਪਿਉ ਨੂੰ ਮਾਰ ਕੇ ਲਾਸ਼ ਘਰ ''ਚ ਦੱਬੀ

02/18/2018 12:45:13 AM

ਨਥਾਣਾ (ਬੱਜੋਆਣੀਆਂ) - ਨੇੜਲੇ ਪਿੰਡ ਸੇਮਾਂ ਕਲਾਂ ਵਿਚ ਇਕ ਨੌਜਵਾਨ ਨੇ ਆਪਣੇ ਪਿਉ ਨੂੰ ਇਸ ਵਜ੍ਹਾ ਕਰ ਕੇ ਮਾਰ ਦਿੱਤਾ ਕਿ ਉਹ ਉਸ ਦੇ ਨਾਮ ਜ਼ਮੀਨ ਜਾਇਦਾਦ ਕਰਵਾਉਣ ਤੋਂ ਲਗਾਤਾਰ ਟਾਲ-ਮਾਟੋਲ ਕਰ ਰਿਹਾ ਸੀ। ਪਿੰਡ ਸੇਮਾਂ ਦਾ ਰਹਿਣ ਵਾਲਾ ਗੁਰਦੀਪ ਸਿੰਘ ਪੁੱਤਰ ਬਚਨ ਸਿੰਘ ਜੋ ਕਿ 6 ਜਨਵਰੀ ਦੀ ਰਾਤ ਤੋਂ ਘਰੋਂ ਲਾਪਤਾ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਨਥਾਣਾ ਰਛਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਦੇ ਭਰਾ ਹਮੀਰ ਸਿੰਘ ਨੇ ਪੁਲਸ ਕੋਲ ਦਰਖਾਸਤ ਦਿੱਤੀ ਸੀ ਕਿ ਉਸ ਦਾ ਭਰਾ ਗੁਰਦੀਪ ਸਿੰਘ 6 ਜਨਵਰੀ ਦੀ ਰਾਤ ਤੋਂ ਘਰੋਂ ਲਾਪਤਾ ਹੈ ਅਤੇ ਸਾਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦਾ ਕਤਲ ਕਰ ਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਹੈ। ਪੁਲਸ ਨੇ ਜਦੋਂ ਜਾਂਚ-ਪੜਤਾਲ ਸ਼ੁਰੂ ਕੀਤੀ ਤਾਂ ਕਤਲ ਦੇ ਸ਼ੱਕ ਦੀ ਸੂਈ ਉਸ ਦੇ ਪੁੱਤਰ ਯਾਦਵੀਰ ਸਿੰਘ ਉਰਫ਼ ਯਾਦ ਵੱਲ ਗਈ। ਜਦੋਂ ਪੁਲਸ ਨੇ ਯਾਦਵੀਰ ਤੋਂ ਥੋੜ੍ਹੀ ਸ਼ਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਆਪਣੇ ਪਿਤਾ ਗੁਰਦੀਪ ਸਿੰਘ ਨੂੰ ਗਲ ਘੁੱਟ ਕੇ ਮਾਰ ਦਿੱਤਾ ਅਤੇ ਉਸ ਦੀ ਲਾਸ਼ ਘਰ ਵਿਚ ਬਣੇ ਤੂੜੀ ਵਾਲੇ ਕਮਰੇ ਵਿਚ ਦੱਬ ਦਿੱਤੀ। ਪੁਲਸ ਨੇ ਯਾਦਵੀਰ ਦੀ ਨਿਸ਼ਾਨਦੇਹੀ 'ਤੇ ਨਾਇਬ ਤਹਿਸੀਲਦਾਰ ਨਥਾਣਾ ਸੁਖਜੀਤ ਸਿੰਘ ਦੀ ਹਾਜ਼ਰੀ ਵਿਚ ਐੱਸ. ਐੱਚ. ਓ. ਨਥਾਣਾ ਰਛਪਾਲ ਸਿੰਘ ਨੇ ਬਠਿੰਡਾ ਤੋਂ ਪਹੁੰਚੇ ਸਹਾਰਾ ਵਰਕਰਾਂ ਦੀ ਮਦਦ ਨਾਲ ਦੱਬੀ ਹੋਈ ਲਾਸ਼ ਨੂੰ ਕਢਵਾ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ। ਪੁਲਸ ਨੇ ਯਾਦਵੀਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।