ਸਾਲਿਡ ਵੇਸਟ ਪਲਾਂਟ ਸ਼ਿਫਟਿੰਗ ਮਾਮਲਾ: 30 ਕਰੋੜ ਦੀ ਜ਼ਰੂਰਤ, ਬਜਟ ''ਚ ਪੈਸਾ ਰੱਖਣਾ ਭੁੱਲੀ ਸਰਕਾਰ

06/22/2017 11:19:21 AM

ਬਠਿੰਡਾ(ਪਰਮਿੰਦਰ)— ਬਠਿੰਡਾ ਵਾਸੀਆਂ ਨੂੰ ਮਾਨਸਾ ਰੋਡ 'ਤੇ ਸਥਿਤ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਨੂੰ ਆਬਾਦੀ ਤੋਂ ਹਟਾਉਣ ਦੇ ਮਾਮਲੇ 'ਚ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ। ਉਕਤ ਪਲਾਂਟ ਨੂੰ ਆਬਾਦੀ ਵਾਲੇ ਇਲਾਕੇ ਤੋਂ ਹਟਾ ਕੇ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਕਰਨ ਲਈ 30 ਕਰੋੜ ਰੁਪਏ ਦੀ ਜ਼ਰੂਰਤ ਹੈ ਪਰ ਸਰਕਾਰ ਨੇ ਬਜਟ 'ਚ ਇਸ ਦੀ ਕੋਈ ਵਿਵਸਥਾ ਨਹੀਂ ਕੀਤੀ। ਲੋਕਾਂ ਨੂੰ ਉਮੀਦ ਸੀ ਕਿ ਵਿੱਤ ਮੰਤਰੀ ਆਪਣੇ ਵਾਅਦੇ ਅਨੁਸਾਰ ਪਲਾਂਟ ਨੂੰ ਤਬਦੀਲ ਕਰਨ ਲਈ ਉਕਤ ਰਾਸ਼ੀ ਨੂੰ ਮਨਜ਼ੂਰੀ ਦੇਣਗੇ ਪਰ ਸਰਕਾਰ ਉਕਤ ਪੈਸਾ ਰੱਖਣਾ ਭੁੱਲ ਗਈ। ਪਲਾਂਟ ਦੇ ਆਲੇ-ਦੁਆਲੇ ਦੀ ਆਬਾਦੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਕਤ ਪਲਾਂਟ ਨੂੰ ਨਾ ਹਟਾਇਆ ਗਿਆ ਤਾਂ ਉਹ ਫਿਰ ਤੋਂ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਨੂੰ ਮਜਬੂਰ ਹੋਣਗੇ।
ਵਿੱਤ ਮੰਤਰੀ ਨੇ ਦਿੱਤਾ ਸੀ ਸ਼ਿਫਟਿੰਗ ਦਾ ਭਰੋਸਾ
ਵਿੱਤ ਮੰਤਰੀ ਅਤੇ ਬਠਿੰਡਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਪਹਿਲੇ ਦੌਰੇ ਦੌਰਾਨ ਸਾਲਿਡ ਵੇਸਟ ਪਲਾਂਟ ਨੂੰ ਆਬਾਦੀ ਤੋਂ ਦੂਰ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਦੇਖ-ਰੇਖ 'ਚ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਸਾਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ 90 ਦਿਨਾਂ 'ਚ ਸਰਕਾਰ ਨੂੰ ਰਿਪੋਰਟ ਸੌਂਪੇਗੀ। ਪਲਾਂਟ ਨੂੰ ਕਿਸੇ ਅਜਿਹੀ ਜਗ੍ਹਾ ਤਬਦੀਲ ਕੀਤਾ ਜਾਵੇਗਾ, ਜਿੱਥੇ ਅਗਲੇ 20-25 ਸਾਲਾਂ ਦੌਰਾਨ ਆਬਾਦੀ ਹੋਣ ਦੀ ਸੰਭਾਵਨਾ ਨਾ ਹੋਵੇ। ਨਗਰ ਨਿਗਮ ਅਧਿਕਾਰੀਆਂ ਦੇ ਅਨੁਸਾਰ ਪਲਾਂਟ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਲਈ ਲਗਭਗ 30 ਕਰੋੜ ਰੁਪਏ ਦੀ ਜ਼ਰੂਰਤ ਹੈ ਪਰ ਸਰਕਾਰ ਨੇ ਬਜਟ 'ਚ ਇਸ ਦੀ ਕੋਈ ਵਿਵਸਥਾ ਨਹੀਂ ਕੀਤੀ।
ਸ਼ੁਰੂ ਤੋਂ ਵਿਵਾਦਾਂ 'ਚ ਰਿਹਾ ਸਾਲਿਡ ਵੇਸਟ ਪਲਾਂਟ

ਲਗਭਗ 30 ਏਕੜ ਜ਼ਮੀਨ 'ਤੇ ਇਹ ਪਲਾਂਟ 2012 'ਚ ਹੀ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਸੀ ਜੋ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਿਹਾ। ਪਲਾਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱਕ ਪਹੁੰਚ ਗਿਆ। ਪਲਾਂਟ 'ਚ ਬਠਿੰਡਾ ਤੋਂ ਇਲਾਵਾ ਆਲੇ-ਦੁਆਲੇ ਦੇ 18 ਨਗਰਾਂ ਦਾ ਕੂੜਾ ਕਰਕਟ ਲਿਆ ਕੇ ਉਸ ਦਾ ਨਿਪਟਾਰਾ ਕਰਨ ਦੀ ਯੋਜਨਾ ਸੀ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੁਝ ਸ਼ਰਤਾਂ ਦੇ ਨਾਲ ਪਲਾਂਟ ਨੂੰ ਮਨਜ਼ੂਰੀ ਦੇ ਦਿੱਤੀ। 2016 'ਚ ਪਲਾਂਟ ਸ਼ੁਰੂ ਹੁੰਿਦਆਂ ਹੀ ਇਸ ਤੋਂ ਉੱਠਣ ਵਾਲੀ ਬਦਬੂ ਨੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ। ਲੋਕਾਂ ਨੇ ਫਿਰ ਸੰਘਰਸ਼ ਸ਼ੁਰੂ ਕੀਤਾ ਅਤੇ ਪਲਾਂਟ ਨੂੰ ਬੰਦ ਕਰਨਾ ਪਿਆ। ਬਾਅਦ 'ਚ ਇਸ ਨੂੰ ਫਿਰ ਤੋਂ ਉਸੇ ਜਗ੍ਹਾ ਚਾਲੂ ਕਰ ਦਿੱਤਾ ਗਿਆ। ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਪਲਾਂਟ ਨੂੰ ਕਿਸੇ ਹੋਰ ਜਗ੍ਹਾ 'ਤੇ ਸਿਫਟ ਕਰਨ ਲਈ ਸਰਕਾਰ ਤੋਂ 30 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਜਿਵੇਂ ਹੀ ਉਕਤ ਪੈਸਾ ਮਨਜ਼ੂਰ ਹੋ ਜਾਵੇਗਾ, ਪਲਾਂਟ ਨੂੰ ਆਬਾਦੀ ਤੋਂ ਦੂਰ ਸ਼ਿਫਟ ਕਰ ਦਿੱਤਾ ਜਾਵੇਗਾ।