ਲੱਖਾਂ ਰੁਪਏ ਲੈ ਕੇ ਵੀ ਨਹੀਂ ਲਾਇਆ ਸੋਲਰ ਪਲਾਂਟ

07/03/2018 6:46:56 AM

ਮੋਹਾਲੀ, (ਕੁਲਦੀਪ)- ਸੈਕਟਰ-70 ਸਥਿਤ ਇਕ ਕੋਠੀ ਦੀ ਛੱਤ 'ਤੇ ਸੋਲਰ ਪਲਾਂਟ ਲਾਉਣ ਵਾਲੀ ਕੰਪਨੀ ਵੱਲੋਂ ਕੋਠੀ ਮਾਲਕ ਤੋਂ ਪੈਸੇ ਲੈ ਕੇ ਵੀ ਪਲਾਂਟ ਨਾ ਲਾਉਣ ਸਬੰਧੀ ਕੰਪਨੀ ਦੇ ਮਾਲਕ ਖਿਲਾਫ ਠੱਗੀ ਦਾ ਕੇਸ ਦਰਜ ਕੀਤਾ ਗਿਆ ਹੈ ।  ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮਨੋਹਰ ਮੰਜਾਲ ਨਿਵਾਸੀ ਮਕਾਨ ਨੰਬਰ 154 ਸੈਕਟਰ-70 ਮੋਹਾਲੀ ਨੇ ਦੱਸਿਆ ਕਿ ਉਸ ਨੇ ਸਾਲ 2016 ਵਿਚ ਆਪਣੇ ਮੋਹਾਲੀ ਸਥਿਤ ਘਰ ਦੀ ਛੱਤ 'ਤੇ ਸੋਲਰ ਪਲਾਂਟ ਲਗਵਾਉਣਾ ਸੀ । ਇਸ ਕੰਮ ਲਈ ਉਨ੍ਹਾਂ ਨੇ ਸਿਲਵਰ ਲਾਈਨ ਇੰਡਸਟਰੀਜ਼, ਇੰਡਸਟਰੀਅਲ ਏਰੀਆ ਫੇਜ਼-2 ਚੰਡੀਗੜ੍ਹ ਦੇ ਮਾਲਕ ਅਰੁਣ ਕੁਮਾਰ ਨਾਲ ਸੰਪਰਕ ਕੀਤਾ । ਰੇਟ ਸਬੰਧੀ ਗੱਲਬਾਤ ਤੈਅ ਹੋਣ 'ਤੇ ਉਨ੍ਹਾਂ ਅਰੁਣ ਕੁਮਾਰ ਨੂੰ ਸੋਲਰ ਪਲਾਂਟ ਅਤੇ ਸੋਲਰ ਵਾਟਰ ਪਲਾਂਟ ਲਾਉਣ ਦਾ ਠੇਕਾ ਦੇ ਦਿੱਤਾ ਸੀ । ਇਸ ਕੰਮ ਲਈ ਅਰੁਣ ਕੁਮਾਰ ਨੇ ਉਨ੍ਹਾਂ ਨੂੰ ਐਡਵਾਂਸ ਵਿਚ ਪੈਸੇ ਮੰਗੇ, ਜਿਸ ਉਪਰੰਤ ਉਨ੍ਹਾਂ ਨੇ ਵੱਖ-ਵੱਖ ਚੈੱਕਾਂ ਰਾਹੀਂ ਕੁੱਲ 6 ਲੱਖ 35 ਹਜ਼ਾਰ ਰੁਪਏ ਅਰੁਣ ਕੁਮਾਰ ਨੂੰ ਭੁਗਤਾਨ ਕਰ ਦਿੱਤਾ । ਪੈਸੇ ਦਾ ਭੁਗਤਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ 'ਤੇ ਪਲਾਂਟ ਲਾਉਣ ਤੋਂ ਅਰੁਣ ਕੁਮਾਰ ਆਨਾ-ਕਾਨੀ ਕਰਨ ਲੱਗਾ । ਪਲਾਂਟ ਨਾ ਲਾਉਣ 'ਤੇ ਜਦੋਂ ਉਨ੍ਹਾਂ ਨੇ ਪੈਸੇ ਵਾਪਸ ਮੰਗੇ ਤਾਂ ਪੈਸੇ ਵਾਪਸ ਕਰਨ ਤੋਂ ਵੀ ਟਾਲ-ਮਟੋਲ ਕਰਨ ਲਗ ਪਿਆ । ਪ੍ਰੇਸ਼ਾਨ ਹੋ ਕੇ ਮਨੋਹਰ ਮੰਜਾਲ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਨੇ ਪੂਰੀ ਜਾਂਚ ਉਪਰੰਤ ਥਾਣਾ ਮਟੌਰ ਵਿਚ ਅਰੁਣ ਕੁਮਾਰ ਨਿਵਾਸੀ ਇੰਡਸਟਰੀਅਲ ਏਰੀਆ ਫੇਜ਼-2 ਚੰਡੀਗੜ੍ਹ ਖਿਲਾਫ ਆਈ. ਪੀ. ਸੀ. ਦੀ ਧਾਰਾ 406, 420 ਤਹਿਤ ਕੇਸ ਦਰਜ ਕਰ ਲਿਆ ਹੈ ।