ਇਸ ਵਾਰ ਸੋਢਲ ਮੇਲੇ ''ਚ ਸਫਾਈ ਵਿਵਸਥਾ ਨੇ ਰਿਕਾਰਡ ਤੋੜੇ, ਬੱਚਿਆਂ ਨੇ ਵਿਖਾਇਆ ਕਮਾਲ

09/13/2019 5:10:06 PM

ਜਲੰਧਰ (ਖੁਰਾਣਾ) : ਇਸ ਵਾਰ ਬਾਬਾ ਸੋਢਲ ਮੇਲਾ ਭਾਵੇਂ 12 ਸਤੰਬਰ ਨੂੰ ਸੀ ਪਰ ਗੈਰ ਰਸਮੀ ਤੌਰ 'ਤੇ ਸੋਢਲ ਮੰਦਰ 'ਚ ਨਤਮਸਤਕ ਹੋਣ ਲਈ ਸ਼ਰਧਾਲੂਆਂ ਦੀ ਆਮਦ 3-4 ਦਿਨ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਸੋਢਲ ਮੇਲੇ ਦੌਰਾਨ ਜਿੱਥੇ ਬਾਕੀ ਦਿਨਾਂ ਦੇ ਮੁਕਾਬਲੇ ਜ਼ਿਆਦਾ ਭੀੜ ਵੇਖਣ ਨੂੰ ਮਿਲੀ, ਉਥੇ ਸੋਢਲ ਮੰਦਰ ਕੰਪਲੈਕਸ ਅਤੇ ਮੇਲਾ ਇਲਾਕੇ ਦੀ ਸਫਾਈ ਵਿਵਸਥਾ ਨੇ ਵੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਸਫਾਈ ਨੂੰ ਲੈ ਕੇ ਜਿਸ ਤਰ੍ਹਾਂ ਨਗਰ ਨਿਗਮ ਦੇ ਵੱਡੇ ਅਧਿਕਾਰੀਆਂ ਨੇ ਖੁਦ ਫੀਲਡ 'ਚ ਨਿਕਲ ਕੇ ਨਿਗਮ ਸਟਾਫ ਦੀ ਅਗਵਾਈ ਕੀਤੀ, ਉਥੇ ਹੀ ਸਕੂਲਾਂ-ਕਾਲਜਾਂ ਤੋਂ ਆਏ ਬੱਚਿਆਂ ਦੀ ਟੀਮ ਨੇ ਵੀ ਕਮਾਲ ਕਰ ਦਿਖਾਇਆ।

ਡਟੇ ਰਹੇ ਕਮਿਸ਼ਨਰ ਤੇ ਜੁਆਇੰਟ ਕਮਿਸ਼ਨਰ
ਸੋਢਲ ਮੇਲਾ ਇਲਾਕੇ 'ਚ ਇਸ ਵਾਰ ਵਧੀਆ ਸਫਾਈ ਵਿਵਸਥਾ ਦਾ ਸਿਹਰਾ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਜੁਆਇੰਟ ਕਮਿਸ਼ਨਰ ਆਸ਼ਿਕਾ ਜੈਨ ਨੂੰ ਜਾਂਦਾ ਹੈ ਜਿਨ੍ਹਾਂ ਨੇ ਸੈਨੀਟੇਸ਼ਨ ਸਟਾਫ ਦੀ ਅਗਵਾਈ ਕੀਤੀ ਅਤੇ ਖੁਦ ਲਗਭਗ ਸਾਰਾ ਦਿਨ ਮੇਲੇ ਦੌਰਾਨ ਡਟੇ ਰਹੇ।ਸ਼੍ਰੀਮਤੀ ਆਸ਼ਿਕਾ ਜੈਨ ਨੇ ਤਾਂ ਕਰੀਬ ਦੋ ਹਫਤੇ ਪਹਿਲਾਂ ਹੀ ਸੋਢਲ ਮੇਲੇ ਨੂੰ ਪਲਾਸਟਿਕ ਤੇ ਡਿਸਪੋਜ਼ੇਬਲ ਫ੍ਰੀ ਰੱਖਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਅਧੀਨ ਨਾ ਸਿਰਫ ਉਨ੍ਹਾਂ ਸਮਰਪਨ ਟੂ ਦਿ ਨੇਸ਼ਨ ਜਿਹੀਆਂ ਐੈੱਨ. ਜੀ. ਓਜ਼ ਦਾ ਸਹਿਯੋਗ ਲਿਆ, ਸਗੋਂ ਐੱਲ. ਪੀ. ਯੂ. ਅਤੇ ਐੱਨ. ਐੱਸ. ਐੈੱਸ. ਦੇ ਵਿਦਿਆਰਥੀਆਂ 'ਤੇ ਆਧਾਰਿਤ 100 ਸਟੂਡੈਂਟ ਦਾ ਇਕ ਗਰੁੱਪ ਬਣਾਇਆ ਜਿਸ ਨੇ ਸੋਢਲ ਮੇਲੇ ਦੌਰਾਨ ਸਫਾਈ ਵਿਵਸਥਾ ਬਣਾਈ ਰੱਖਣ ਦੇ ਮਾਮਲੇ 'ਚ ਕਮਾਲ ਕਰ ਦਿੱਤਾ।

ਇਨ੍ਹਾਂ ਵਿਦਿਆਰਥੀਆਂ ਨੇ ਟੀ-ਸ਼ਰਟਸ ਅਤੇ ਹੱਥਾਂ 'ਚ ਗਲਵਸ ਆਦਿ ਪਾ ਕੇ ਜ਼ਮੀਨ 'ਤੇ ਪਏ ਪੱਤਲਾਂ, ਪਲਾਸਟਿਕ ਦੇ ਗਿਲਾਸਾਂ ਅਤੇ ਹੋਰ ਕੂੜੇ ਨੂੰ ਚੁੱਕਿਆ, ਨਾਲ ਹੀ ਇਨ੍ਹਾਂ ਵਿਦਿਆਰਥੀਆਂ ਨੇ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਫਾਈ ਬਾਰੇ ਜਾਗਰੂਕ ਵੀ ਕੀਤਾ। ਨਿਗਮ ਦੇ ਹੈਲਥ ਅਫਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਦੀ ਅਗਵਾਈ ਹੇਠ ਨਿਗਮ ਦਾ ਹੈਲਥ ਤੇ ਹੋਰ ਵਿਭਾਗ ਵੀ ਮੇਲੇ ਦੀ ਸਫਾਈ ਵਿਵਸਥਾ ਬਣਾਈ ਰੱਖਣ ਨੂੰ ਲੈ ਕੇ ਡਟਿਆ ਰਿਹਾ। ਨਿਗਮ ਸਟਾਫ ਨੇ ਵੀ ਖੁਦ ਕੂੜਾ ਚੁੱਕਣ 'ਚ ਕੋਈ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ। ਮੇਅਰ ਜਗਦੀਸ਼ ਰਾਜਾ ਨੇ ਵੀ ਸਫਾਈ ਵਿਵਸਥਾ 'ਚ ਜੁਟੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਨੂੰ ਉਤਸਾਹਿਤ ਕੀਤਾ। ਇਲਾਕੇ ਦੇ ਕੌਂਸਲਰ ਵਿੱਕੀ ਕਾਲੀਆ ਨੇ ਵੀ ਸਫਾਈ ਵਿਵਸਥਾ ਬਣਾਈ ਰੱਖਣ 'ਚ ਆਪਣਾ ਯੋਗਦਾਨ ਪਾਇਆ।

ਸਕੂਲਾਂ-ਕਾਲਜਾਂ ਤੋਂ ਆਏ ਵਿਦਿਆਰਥੀ, ਜਿਨ੍ਹਾਂ ਨੇ ਮੇਲਾ ਇਲਾਕੇ ਨੂੰ ਸਾਫ ਰੱਖਣ 'ਚ ਪੂਰਾ ਸਹਿਯੋਗ ਦਿੱਤਾ।



ਆਪਣੇ ਹੱਥਾਂ ਨਾਲ ਕੂੜਾ ਚੁੱਕ ਕੇ ਡਸਟਬਿਨਾਂ ਤੇ ਬੋਰੀਆਂ ਵਿਚ ਭਰਦੇ ਵਿਦਿਆਰਥੀ।


ਨਿਗਮ ਕਮਿਸ਼ਨਰ ਦੀਪਰਵ ਲਾਕੜਾ ਖੁਦ ਸਾਰਾ ਦਿਨ ਮੇਲੇ ਵਿਚ ਡਟੇ ਰਹੇ।


 

ਪੱਤਲਾਂ ਦੇ ਥਾਲੀਆਂ ਦੀ ਖੁੱਲ੍ਹ ਕੇ ਹੋਈ ਵਰਤੋਂ

ਪਿਛਲੇ ਕਾਫੀ ਸਮੇਂ ਤੋਂ ਕੋਈ ਰੋਕ-ਟੋਕ ਨਾ ਹੋਣ ਕਾਰਣ ਪਲਾਸਟਿਕ ਨਾਲ ਬਣੇ ਡਿਸਪੋਜ਼ੇਬਲ ਦੀ ਵਰਤੋਂ ਕਾਫੀ ਵੱਧ ਗਈ ਸੀ ਤੇ ਹਰ ਲੰਗਰ ਲਾਉਣ ਵਾਲੀ ਸੰਸਥਾ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਡਿਸਪੋਜ਼ੇਬਲ ਕੂੜੇ ਵਿਚ ਸੁੱਟਦੀ ਸੀ। ਇਸ ਵਾਰ ਨਿਗਮ ਨੇ ਡਿਸਪੋਜ਼ੇਬਲ 'ਤੇ ਸਖਤੀ ਕੀਤੀ ਤੇ ਪੱਤਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ, ਜਿਸ ਕਾਰਣ ਮੇਲਾ ਇਲਾਕੇ ਵਿਚ ਜ਼ਿਆਦਾਤਰ ਲੰਗਰ ਪੱਤਲਾਂ ਦਾ ਇਸਤੇਮਾਲ ਕਰਦੇ ਦਿਸੇ। ਨਿਗਮ ਨੇ ਇਨ੍ਹਾਂ ਸੰਸਥਾਵਾਂ ਨੂੰ ਸਟੀਲ ਦੀਆਂ ਥਾਲੀਆਂ ਦਾ ਬਦਲ ਵੀ ਦਿੱਤਾ ਹੋਇਆ ਸੀ, ਜਿਸ ਦੀ ਵਰਤੋਂ ਵੀ ਖੂਬ ਹੋਈ। ਫਿਰ ਵੀ ਨਿਗਮ ਦੀ ਅੱਖ ਤੋਂ ਬਚ ਕੇ ਮੇਲਾ ਇਲਾਕੇ ਦੀਆਂ ਬਾਹਰੀ ਥਾਵਾਂ 'ਤੇ ਪਲਾਸਟਿਕ ਦੇ ਡਿਸਪੋਜ਼ੇਬਲ ਵਿਚ ਲੰਗਰ ਵੰਡੇ ਗਏ।

 

Anuradha

This news is Content Editor Anuradha