ਸੋਢਲ ਮੇਲਾ ਸ਼ੁਰੂ ਪਰ ਨਿਗਮ ਨੇ ਹੁਣ ਸੜਕਾਂ ਬਣਾਉਣੀਆਂ ਕੀਤੀਆਂ ਸ਼ੁਰੂ

09/09/2019 5:14:20 PM

ਜਲੰਧਰ (ਖੁਰਾਨਾ) : ਉੱਤਰ ਭਾਰਤ ਦਾ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ ਗੈਰ-ਰਸਮੀ ਰੂਪ ਨਾਲ ਸ਼ੁਰੂ ਹੋ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਬਾਬਾ ਸੋਢਲ ਦੇ ਦਰ 'ਤੇ ਸੀਸ ਝੁਕਾਇਆ।  ਪੂਰੇ ਸੋਢਲ ਮੇਲਾ ਖੇਤਰ 'ਚ ਜਗ੍ਹਾ-ਜਗ੍ਹਾ ਝੂਲੇ ਲੱਗ ਗਏ ਹਨ। ਦੂਰੋਂ-ਦੂਰੋਂ ਭਗਤਾਂ ਦਾ ਆਉਣਾ-ਜਾਣਾ ਸ਼ੁਰੂ ਹੋ ਗਿਆ ਹੈ ਅਤੇ ਖਾਣ-ਪੀਣ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ।

ਇਕ ਪਾਸੇ ਜਿਥੇ ਬਾਬਾ ਸੋਢਲ ਮੇਲਾ ਪੂਰੀ ਗਤੀ ਨਾਲ ਸ਼ੁਰੂ ਹੋ ਗਿਆ ਹੈ, ਉਥੇ ਨਗਰ ਨਿਗਮ ਨੂੰ ਮੇਲਾ ਖੇਤਰ ਦੀਆਂ ਟੁੱਟੀਆਂ ਹੋਈਆਂ ਸੜਕਾਂ ਨੂੰ ਬਣਾਉਣ ਦੀ ਯਾਦ ਆਈ, ਜਿਸ ਕਾਰਨ ਕਈ ਸੜਕਾਂ 'ਤੇ ਲੁੱਕ-ਬੱਜਰੀ ਪਾਈ ਗਈ। ਤਾਜ਼ੀ ਪਾਈ ਗਈ ਲੁੱਕ-ਬੱਜਰੀ 'ਤੇ ਲੋਕਾਂ ਦੇ ਚੱਲਣ ਤੋਂ ਬਾਅਦ ਨਵੀਂ ਬਣੀ ਸੜਕ ਦੀ ਹਾਲਤ ਕੀ ਹੋਵੇਗੀ, ਉਸ ਨੂੰ ਸੋਚੇ ਬਿਨਾਂ ਨਿਗਮ ਨੇ ਨਵੀਆਂ ਸੜਕਾਂ ਦਾ ਨਿਰਮਾਣ ਜਾਰੀ ਰੱਖਿਆ, ਜਿਸ ਨਾਲ ਖੇਤਰ ਦੇ ਲੋਕਾਂ 'ਚ ਚਰਚਾ ਰਹੀ ਕਿ ਕੀ ਹੁਣ ਤਕ ਸਬੰਧਿਤ ਨੇਤਾ ਅਤੇ ਅਧਿਕਾਰੀ ਸੁੱਤੇ ਰਹੇ ਜਾਂ ਉਨ੍ਹਾਂ ਨੂੰ ਟੁੱਟੀਆਂ ਸੜਕਾਂ ਨੂੰ ਰਿਪੇਅਰ ਕਰਨ ਦੀ ਫਿਕਰ ਹੀ ਨਹੀਂ ਸੀ। ਗੌਰਤਲਬ ਹੈ ਕਿ ਸੋਢਲ ਮੇਲਾ ਖੇਤਰ ਦੀ ਦੁਰਦਸ਼ਾ ਬਾਰੇ 'ਜਗ ਬਾਣੀ' ਨੇ ਲਗਾਤਾਰ ਚਿੱਤਰਾਂ ਸਣੇ ਖਬਰ ਪ੍ਰਕਾਸ਼ਿਤ ਕੀਤੀ, ਜਿਸ ਤੋਂ ਬਾਅਦ ਉਥੇ ਸੜਕ ਨਿਰਮਾਣ ਅਤੇ ਸਾਫ-ਸਫਾਈ ਦਾ ਕੰਮ ਸ਼ੁਰੂ ਹੋਇਆ। ਸੜਕਾਂ ਦੇ ਮਾਮਲੇ 'ਚ ਨਿਗਮ ਵੱਲੋਂ ਕੀਤੀ ਗਈ ਖਾਨਾਪੂਰਤੀ ਲੋਕਾਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਸੋਢਲ ਮੇਲਾ ਸ਼ੁਰੂ ਹੋ ਜਾਣ ਤੋਂ ਬਾਅਦ ਉਥੇ ਨਿਗਮ ਵੱਲੋਂ ਸੜਕਾਂ ਬਣਾਏ ਜਾਣ ਦਾ ਦ੍ਰਿਸ਼।

ਇਕ ਪਾਸੇ ਨਿਗਮ ਸੋਢਲ 'ਚ ਐਤਵਾਰ ਨੂੰ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਸਨ, ਦੂਜੇ ਪਾਸੇ ਉਨ੍ਹਾਂ ਸੜਕਾਂ 'ਤੇ ਚੱਲ ਕੇ ਸ਼ਰਧਾਲੂ ਸੋਢਲ ਮੰਦਰ 'ਚ ਮੱਥਾ ਟੇਕਣ ਜਾ ਰਹੇ ਸਨ।

ਅਜੇ ਵੀ ਲੱਗੇ ਹੋਏ ਕੂੜੇ ਦੇ ਢੇਰ
ਸੋਢਲ ਮੇਲਾ ਖੇਤਰ 'ਚ ਨਵੀਆਂ ਸੜਕਾਂ ਦੇ ਨਿਰਮਾਣ ਦੀ ਪ੍ਰਕਿਰਿਆ ਤਾਂ ਖੈਰ ਸ਼ੁਰੂ ਹੋ ਗਈ ਪਰ ਮੇਲਾ ਖੇਤਰ 'ਚ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਅਜੇ ਵੀ ਲੱਗੇ ਹੋਏ ਹਨ, ਜਿਸ ਕਾਰਨ ਮੇਲੇ 'ਚ ਆਉਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋਢਲ ਮੰਦਰ ਨੂੰ ਜਾਂਦੀ ਮੇਨ ਸੜਕ ਜੋ ਲੀਡਰ ਫੈਕਟਰੀ ਦੇ ਪਿੱਛੇ ਪੈਂਦੀ ਹੈ ਅਤੇ ਹਜ਼ਾਰਾਂ ਭਗਤਜਨ ਉਥੋਂ ਹੋ ਕੇ ਮੱਥਾ ਟੇਕਣ ਜਾਂਦੇ ਹਨ, ਅਜੇ ਵੀ ਕੂੜੇ ਨਾਲ ਭਰੀ ਰਹੀ। ਇਲਾਕੇ 'ਚ ਕਈ ਜਗ੍ਹਾ 'ਤੇ ਵੀ ਕੂੜੇ ਦੇ ਢੇਰ ਲੱਗੇ ਦੇਖਣ ਨੂੰ ਮਿਲੇ, ਜਿਸ ਨੂੰ ਨਿਗਮ ਵੱਲੋਂ ਨਾ ਚੁੱਕੇ ਜਾਣ ਕਾਰਣ ਅਸਥਾਈ ਦੁਕਾਨਾਂ ਲਗਾਉਣ ਵਾਲਿਆਂ ਨੂੰ ਕਾਫੀ ਦਿੱਕਤ ਆ ਰਹੀ ਹੈ।

ਮੇਲਾ ਖੇਤਰ ਦੀ ਇਕ ਸੜਕ 'ਤੇ ਲੱਗੇ ਕੂੜੇ ਦੇ ਢੇਰ ਕੋਲ ਹੀ ਅਸਥਾਈ ਦੁਕਾਨਾਂ ਲੱਗ ਚੁੱਕੀਆਂ ਹਨ।

ਬਾਬਾ ਸੋਢਲ ਦੇ ਦਰ 'ਤੇ ਉਮੜੀ ਭਗਤਜਨਾਂ ਦੀ ਭੀੜ।

ਮੇਲਾ ਖੇਤਰ 'ਚ ਨੰਗੀਆਂ ਹਨ ਬਿਜਲੀ ਦੀਆਂ ਤਾਰਾਂ
ਆਉਣ ਵਾਲੇ ਦਿਨਾਂ 'ਚ ਸੋਢਲ ਮੇਲਾ ਖੇਤਰ 'ਚ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਨਗਰ ਨਿਗਮ ਨੂੰ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਸਨ ਪਰ ਅਜਿਹਾ ਦਿਸ ਨਹੀਂ ਰਿਹਾ ਕਿਉਂਕਿ ਮੇਲਾ ਖੇਤਰ 'ਚ ਹੁਣ ਵੀ ਕਈ ਥਾਵਾਂ 'ਤੇ ਬਿਜਲੀ ਦੀਆਂ ਨੰਗੀਆਂ ਤਾਰਾਂ ਮੌਜੂਦ ਹਨ, ਜਿਸ ਨਾਲ ਸਟ੍ਰੀਟ ਲਾਈਟਾਂ ਜਗਦੀਆਂ ਹਨ। ਡਿਵਾਈਡਰ 'ਤੇ ਬਹੁਤ ਹੇਠਾਂ ਲੱਗੀਆਂ ਇਹ ਤਾਰਾਂ ਕਦੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।

 

 

Anuradha

This news is Content Editor Anuradha