ਸੋਸ਼ਲ ਮੀਡੀਆ ਦੇ ਸਾਈਡ ਇਫੈਕਟ : ਗੱਲ ਪਹੁੰਚੀ ਤਲਾਕ ਤੱਕ

04/22/2019 12:56:21 PM

ਸੰਗਰੂਰ (ਵੈੱਬ ਡੈਸਕ) : ਸੋਸ਼ਲ ਮੀਡੀਆ ਅਤੇ ਮੋਬਾਇਲ ਫੋਨ ਪਤੀ-ਪਤਨੀ ਦੇ ਰਿਸ਼ਤੇ 'ਤੇ ਇੰਨੇ ਭਾਰੀ ਪੈ ਰਹੇ ਹਨ ਕਿ ਉਨ੍ਹਾਂ ਦੀ ਤਕਰਾਰ ਘਰ ਦੇ ਬੰਦ ਕਮਰੇ ਵਿਚੋਂ ਨਿਕਲ ਕੇ ਥਾਣਿਆਂ ਵਿਚ ਪਹੁੰਚਣ ਲੱਗੀ ਹੈ। ਸੰਗਰੂਰ ਦੇ ਵੂਮੈਨ ਸੈੱਲ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਘਰੇਲੂ ਵਿਵਾਦ ਤੋਂ ਜ਼ਿਆਦਾ ਕਾਰਨ ਪਤੀ-ਪਤਨੀ ਦਾ ਇਕ-ਦੂਜੇ 'ਤੇ ਭਰੋਸਾ ਨਾ ਹੋਣਾ ਅਤੇ ਸੋਸ਼ਲ ਮੀਡੀਆ ਹੈ, ਜਿਨ੍ਹਾਂ ਕਾਰਨ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ। ਹਾਲਾਂਕਿ ਵੂਮੈਨ ਸੈੱਲ ਕਾਊਂਸਲਿੰਗ ਜ਼ਰੀਏ ਪਿਛਲੇ ਸਾਲ 325 ਘਰਾਂ ਨੂੰ ਟੁੱਟਣ ਤੋਂ ਬਚਾਅ ਚੁੱਕਾ ਹੈ।

ਬੱਚੇ 'ਤੇ ਵੀ ਧਿਆਨ ਨਹੀਂ ਦਿੰਦੀ ਸੀ ਔਰਤ, ਘਰ ਵਿਚ ਰਹਿੰਦਾ ਸੀ ਕਲੇਸ਼
ਸ਼ਹਿਰ ਵਿਚ ਰਹਿਣ ਵਾਲੀ ਇਕ ਕੁੜੀ ਨੇ ਆਪਣੇ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਇਆ ਸੀ। ਡੇਢ ਸਾਲ ਬਾਅਦ ਮੁੰਡਾ ਹੋਇਆ। ਪਤਨੀ ਦਿਨ ਵਿਚ ਕਈਂ ਸੈਲਫੀਆਂ ਖਿੱਚ ਕੇ ਫੇਸਬੁੱਕ ਅਤੇ ਵਟਸਐਪ 'ਤੇ ਅਪਲੋਡ ਕਰਦੀ ਰਹਿੰਦੀ ਸੀ। ਪਤੀ ਉਸ ਨੂੰ ਅਜਿਹਾ ਕਰਨ ਤੋਂ ਵਾਰ-ਵਾਰ ਰੋਕਦਾ ਸੀ ਪਰ ਪਤਨੀ ਦਾ ਸੋਸ਼ਲ ਮੀਡੀਆ ਪ੍ਰਤੀ ਪਿਆਰ ਘੱਟ ਨਹੀਂ ਹੋਇਆ। ਗੁੱਸੇ ਵਿਚ ਆਏ ਪਤੀ ਨੇ ਝਿੜਕਿਆ ਤਾਂ ਨਾਰਾਜ਼ ਹੋ ਕੇ ਪਤਨੀ ਆਪਣੇ ਬੇਟੇ ਨੂੰ ਲੈ ਕੇ ਪੇਕੇ ਚਲੀ ਗਈ। ਦੋਵਾਂ ਨੇ ਪੁਲਸ ਵਿਚ ਮਾਮਲਾ ਦਰਜ ਕਰਵਾ ਦਿੱਤਾ। ਵੂਮੈਨ ਸੈੱਲ ਨੇ ਕਾਊਂਸਲਿੰਗ ਜ਼ਰੀਏ ਦੋਵਾਂ ਦਾ ਮਨ-ਮੁਟਾਵ ਦੂਰ ਕਰਵਾਇਆ।

ਨੂੰਹ ਫੋਨ 'ਤੇ ਲੱਗੀ ਰਹਿੰਦੀ ਸੀ, ਗੱਲ ਤਲਾਕ ਤੱਕ ਪਹੁੰਚ ਗਈ
ਜ਼ਿਲੇ ਦੇ ਇਕ ਪਿੰਡ ਵਿਚ ਪਤੀ-ਪਤਨੀ ਸਰਕਾਰੀ ਨੌਕਰੀ ਕਰਦੇ ਹਨ। ਦੋਵੇਂ ਕਾਫੀ ਖੁਸ਼ ਸਨ। ਪਤਨੀ ਜ਼ਿਆਦਾ ਸਮਾਂ ਫੋਨ 'ਤੇ ਰੁੱਝੀ ਰਹਿੰਦੀ ਸੀ, ਜਿਸ ਕਾਰਨ ਸੱਸ ਆਪਣੀ ਨੂੰਹ 'ਤੇ ਕੰਮ ਨਾ ਕਰਨ ਦਾ ਦੋਸ਼ ਲਗਾਉਂਦੀ ਸੀ। ਮਾਮਲਾ ਇੰਨਾ ਵੱਧ ਗਿਆ ਕਿ ਗੱਲ ਤਲਾਕ ਤੱਕ ਪਹੁੰਚ ਗਈ। ਪੰਚਾਇਤ ਨੇ ਤਲਾਕ ਲਈ ਪਤੀ-ਪਤਨੀ ਵਿਚ 27 ਲੱਖ ਵਿਚ ਸਮਝੌਤਾ ਕਰਵਾ ਦਿੱਤਾ। ਮਾਮਲਾ ਜਦੋਂ ਵੂਮੇਨ ਸੈਲ ਵਿਚ ਪਹੁੰਚਿਆ ਤਾਂ ਕਾਊਂਸਲਿੰਗ ਜ਼ਰੀਏ ਦੋਵਾਂ ਦਾ ਮਨ-ਮੁਟਾਵ ਦੂਰ ਕੀਤਾ ਗਿਆ। ਹੁਣ ਪਿਛਲੇ 3 ਮਹੀਨੇ ਤੋਂ ਪਤੀ-ਪਤਨੀ ਇਕ-ਦੂਜੇ ਨਾਲ ਖੁਸ਼ਹਾਲ ਜੀਵਨ ਬਿਤਾਅ ਰਹੇ ਹਨ।

cherry

This news is Content Editor cherry