ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ''ਤੇ ਪੁਲਸ ਨੇ ਮਜ਼ਦੂਰਾਂ ''ਤੇ ਵਰ੍ਹਾਈਆਂ ਡਾਂਗਾ

05/27/2020 6:28:23 PM

ਲੁਧਿਆਣਾ (ਮੁਕੇਸ਼) : ਮੋਤੀ ਨਗਰ ਵਿਖੇ ਸਟੇਸ਼ਨ ਜਾਣ ਲਈ ਬੱਸਾਂ ਦਾ ਇੰਤਜ਼ਾਰ ਕਰ ਰਹੇ ਮਜ਼ਦੂਰਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਨ ਨੂੰ ਲੈ ਕੇ ਪੁਲਸ ਨੇ ਮਜ਼ਦੂਰਾਂ 'ਤੇ ਲਾਠੀਆਂ ਵਰ੍ਹਾਈਆਂ। ਇਸੇ ਹੀ ਤਰ੍ਹਾਂ ਪੁਲਸ ਨੇ ਟੈਂਟ ਦੇ ਆਲੇ-ਦੁਆਲੇ ਖੜ੍ਹੇ ਸਾਈਕਲ, ਜਿਨ੍ਹਾਂ 'ਤੇ ਮਜ਼ਦੂਰਾਂ ਦੇ ਰਿਸ਼ਤੇਦਾਰ ਸਾਮਾਨ ਲੈ ਕੇ ਆਏ ਸੀ, ਚੁੱਕ ਕੇ ਸੜਕ 'ਤੇ ਸੁੱਟ ਦਿੱਤੇ। ਉਧਰ ਡਾਂਗਾਂ ਖਾ ਕੇ ਵੀ ਮਜ਼ਦੂਰ ਕਹਿ ਰਹੇ ਸਨ ਕਿ ਹੁਣ ਉਹ ਇਥੇ ਰਹਿਣ ਬਾਰੇ ਸੋਚ ਵੀ ਨਹੀਂ ਸਕਦੇ।
ਮਹਾਮਾਰੀ ਕਾਰਨ ਜ਼ਿੰਦਗੀ ਦੀ ਰਫਤਾਰ ਭਾਵੇਂ ਹੌਲੀ ਹੋ ਗਈ ਹੈ ਪਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ 'ਚ ਘਰ ਜਾਣ ਤੋਂ ਰੋਕ ਨਹੀਂ ਪਾ ਰਹੇ ਹਨ। ਸਨਅਤਕਾਰਾਂ ਵੱਲੋਂ ਹਾਲਾਂਕਿ ਮੁੱਖ ਮੰਤਰੀ ਨੂੰ ਮਜ਼ਦੂਰਾਂ ਨੂੰ ਮੁਫਤ ਉਨ੍ਹਾਂ ਦੇ ਸੂਬਿਆਂ ਨੂੰ ਭੇਜੇ ਜਾਣ ਦੀ ਸਹੂਲਤ ਬੰਦ ਕੀਤੇ ਜਾਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ।

ਦੂਜੇ ਪਾਸੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਲਾਕਡਾਊਨ ਕਾਰਨ ਜ਼ਿੰਦਗੀ ਲਾਕ ਹੋ ਕੇ ਰਹਿ ਗਈ ਹੈ। ਨਾ ਕੰਮ ਹੈ, ਨਾ ਪੈਸਾ, ਨਾਲ ਪਰਿਵਾਰ ਹਨ ਕਿਵੇਂ ਗੁਜ਼ਾਰਾ ਕਰਾਂਗੇ। ਹੁਣ ਤਾਂ ਪਿੰਡ ਜਾ ਕੇ ਹੀ ਦਮ ਲਵਾਂਗੇ। ਉਧਰੋਂ ਕਹਿਰ ਦੀ ਗਰਮੀ ਦੌਰਾਨ ਪਲਾਇਨ ਕਰਨ ਸਮੇਂ ਮਾਂ ਦੀ ਗੋਦ 'ਚ ਗੁੰਮਸੁਮ ਉਦਾਸ ਤੇ ਸਾਮਾਨ 'ਤੇ ਲੰਮੇ ਪਏ ਨੰਨ੍ਹੇ-ਮੁੰਨੇ ਸਮਝ ਨਹੀਂ ਪਾ ਰਹੇ ਸੀ ਕਿ ਆਖਰ ਕੀ ਹੋ ਰਿਹਾ ਹੈ। ਭੁੱਖ-ਪਿਆਸ ਨਾਲ ਬੇਹਾਲ ਮਾਸੂਮ ਮਾਂਵਾਂ ਨੂੰ ਇਹੋ ਪੁੱਛ ਰਹੇ ਸੀ ਕਿ ਪਿੰਡ ਕਦੋਂ ਆਏਗਾ।

Gurminder Singh

This news is Content Editor Gurminder Singh