...ਤਾਂ ਇਸ ਲਈ ਮਨਾਇਆ ਜਾਂਦੈ ਰੱਖੜੀ ਦਾ ਤਿਓਹਾਰ

08/15/2019 2:46:11 PM

ਚੰਡੀਗੜ੍ਹ (ਏਜੰਸੀ)- ਇੱਕ ਪਾਸੇ ਪੂਰਾ ਦੇਸ਼ 73ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਤੇ ਦੂਜੇ ਪਾਸੇ ਪੂਰਾ ਦੇਸ਼ ਰੱਖੜੀ ਦਾ ਤਿਓਹਾਰ ਵੀ ਮਨਾ ਰਿਹਾ ਹੈ। ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਹੁੰਦਾ ਹੈ। ਇਸ ਦਿਨ ਭੈਣਾਂ ਨੂੰ ਖ਼ਾਸ ਤਰ੍ਹਾਂ ਨਾਲ ਰੱਖੜੀ ਦੀ ਥਾਲੀ ਸਜਾਉਣੀ ਚਾਹੀਦੀ ਹੈ। ਇਸ ਖ਼ਾਸ ਥਾਲੀ ‘ਚ ਰੋਲੀ, ਅਕਸ਼ਤ, ਕੁਮਕੁਮ, ਮਠਿਆਈ, ਦੀਪਕ ਅਤੇ ਰੱਖੜੀ ਜ਼ਰੂਰ ਰੱਖੋ। ਇਸ ਤੋਂ ਬਾਅਦ ਭਰਾ ਨੂੰ ਪੂਰਬ ਜਾਂ ਪੱਛਮ ਵਾਲੀ ਦਿਸ਼ਾ 'ਚ ਬਿਠਾਓ ਅਤੇ ਉਸ ਦੀ ਆਰਤੀ ਉਤਾਰੋ। ਹਾਲਾਂਕਿ, ਸ਼ੁੱਭ ਫਲ ਲਈ ਉੱਤਰ ਦਿਸ਼ਾ ਵੀ ਯੋਗ ਮੰਨੀ ਗਈ ਹੈ। ਆਰਤੀ ਉਤਾਰਨ ਤੋਂ ਬਾਅਦ ਭਰਾ ਦੇ ਮੱਥੇ 'ਤੇ ਤਿਲਕ ਲਗਾਓ ਅਤੇ ਉਸ ਦੇ ਸੱਜੇ ਗੁੱਟ 'ਤੇ ਰੱਖੜੀ ਬੰਨ੍ਹੋ।

ਦੱਸ ਦੇਈਏ ਕਿ ਪੁਰਾਣਿਕ ਮਾਨਤਾ ਅਨੁਸਾਰ ਮਹਾਭਾਰਤ ਦੀ ਲੜਾਈ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਸ੍ਰੀਕ੍ਰਿਸ਼ਨ ਨੇ ਰਾਜਾ ਸ਼ਿਸ਼ਪਾਲ 'ਤੇ ਸੁਦਰਸ਼ਨ ਚੱਕਰ ਚਲਾਇਆ ਸੀ। ਅਜਿਹਾ ਕਰਦੇ ਸਮੇਂ ਉਨ੍ਹਾਂ ਦਾ ਹੱਥ ਜ਼ਖ਼ਮੀ ਹੋ ਗਿਆ ਸੀ। ਉਸ ਦੌਰਾਨ ਦਰੋਪਤੀ ਨੇ ਆਪਣੀ ਸਾੜ੍ਹੀ ਦਾ ਪੱਲਾ ਪਾੜ ਕੇ ਉਨ੍ਹਾਂ ਦੀ ਉਂਗਲ 'ਤੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਸ੍ਰੀ ਕ੍ਰਿਸ਼ਨ ਨੇ ਦਰੋਪਤੀ ਨੂੰ ਰੱਖਿਆ ਦਾ ਵਚਨ ਦਿੱਤਾ ਸੀ। ਇਹ ਸਭ ਕੁਝ ਸਾਉਣ ਮਹੀਨੇ ਦੀ ਪੂਰਨਮਾਸੀ ਨੂੰ ਹੀ ਹੋਇਆ ਸੀ। ਇਸ ਲਈ ਉਸ ਦਿਨ ਤੋਂ ਬਾਅਦ ਹੀ ਰੱਖੜੀ ਦਾ ਤਿਓਹਾਰ ਮਨਾਇਆ ਜਾਣ ਲੱਗਿਆ। ਕਹਿੰਦੇ ਹਨ ਕਿ, ਰੱਖੜੀ ਵਾਲੇ ਦਿਨ ਭਗਵਾਨ ਵਿਸ਼ਨੂੰ ਦੇ ਅਵਤਾਰ ਹੈਗ੍ਰੀਵ ਦਾ ਜਨਮਦਿਨ ਵੀ ਹੁੰਦਾ ਹੈ। ਇਸ ਦਿਨ ਇਨ੍ਹਾਂ ਦੀ ਪੂਜਾ ਕਰਨ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਰ ਰੱਖੜੀ ਬੰਨਣ ਦਾ ਸ਼ੁਭ ਮਹੂਰਤ ਸ਼ਾਮ 6 ਵਜੇ ਤੱਕ ਦਾ ਦੱਸਿਆ ਜਾ ਰਿਹਾ ਹੈ।

Sunny Mehra

This news is Content Editor Sunny Mehra