ਪਿਤਾ ਦੀ ਮੌਤ ਤੋਂ ਬਾਅਦ ਸਿਪਾਹੀ ਭਰਤੀ ਕੀਤਾ ਬੇਟਾ ਨਿਕਲਿਆ ਸਮੱਗਲਰ

01/20/2018 7:48:26 AM

ਲੁਧਿਆਣਾ(ਰਿਸ਼ੀ)-ਪੰਜਾਬ ਪੁਲਸ 'ਚ ਤਾਇਨਾਤ ਇਕ ਮੁਲਾਜ਼ਮ ਦੀ ਆਨ ਡਿਊਟੀ ਮੌਤ ਹੋ ਗਈ ਸੀ। ਵਿਭਾਗ ਵਲੋਂ ਬੇਟੇ ਨੂੰ ਸਿਪਾਹੀ ਭਰਤੀ ਕਰ ਲਿਆ ਗਿਆ ਪਰ ਉਹ ਨਸ਼ਾ ਕਰਨ ਲੱਗ ਪਿਆ ਅਤੇ ਨਸ਼ੇ ਦੀ ਪੂਰਤੀ ਲਈ ਹੈਰੋਇਨ ਸਮੱਗਲਰ ਬਣ ਗਿਆ, ਜਿਸ ਨੂੰ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ 10 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰ ਕੇ ਥਾਣਾ ਸ਼ਿਮਲਾਪੁਰੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਇੰਸ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਅਮਨਪ੍ਰੀਤ ਸਿੰਘ ਉਮਰ 33 ਸਾਲ ਨਿਵਾਸੀ ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਜੋਂ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਕੁਆਲਿਟੀ ਚੌਕ ਕੋਲੋਂ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਫੜੇ ਗਏ ਦੋਸ਼ੀ ਨੂੰ 2008 ਵਿਚ ਉਸ ਦੇ ਪਿਤਾ ਦੀ ਜਗ੍ਹਾ ਵਿਭਾਗ ਵਿਚ ਸਿਪਾਹੀ ਭਰਤੀ ਕੀਤਾ ਗਿਆ ਸੀ ਪਰ 4 ਸਾਲਾਂ ਤੋਂ ਉਹ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ। ਨਸ਼ੇ ਦੀ ਲਤ ਨੇ ਉਸ ਨੂੰ ਸਮੱਗਲਰ ਬਣਾ ਦਿੱਤਾ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਸ਼ਿਮਲਾਪੁਰੀ ਦੇ ਰਹਿਣ ਵਾਲੇ ਅਮਿਤ ਨਾਮੀ ਨੌਜਵਾਨ ਤੋਂ ਉਹ ਹੈਰੋਇਨ ਖਰੀਦ ਕੇ ਲਿਆਉਂਦਾ ਸੀ। ਪੁਲਸ ਉਸ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।
ਕੁੱਝ ਮਹੀਨੇ ਪਹਿਲਾਂ ਹੋਈ ਵੱਡੇ ਭਰਾ ਦੀ ਮੌਤ
ਪੁਲਸ ਮੁਤਾਬਕ ਫੜੇ ਗਏ ਦੋਸ਼ੀ ਦਾ ਭਰਾ ਵੀ ਨਸ਼ਾ ਕਰਨ ਦਾ ਆਦੀ ਸੀ ਅਤੇ ਕੁੱਝ ਮਹੀਨੇ ਪਹਿਲਾਂ ਹੀ ਨਸ਼ਾ ਉਸ ਦੀ ਮੌਤ ਦਾ ਕਾਰਨ ਬਣਿਆ।