ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ

10/10/2022 3:43:04 PM

ਅੰਮ੍ਰਿਤਸਰ (ਰਮਨ ਸ਼ਰਮਾ, ਸਾਗਰ) - ਅੰਮ੍ਰਿਤਸਰ ’ਚ ਬਿਜਲੀ ਬੰਦ ਹੋਣ ’ਤੇ ਹਰੇਕ ਵਿਅਕਤੀ ਨੂੰ ਐੱਸ.ਐੱਮ.ਐੱਸ. ਰਾਹੀਂ ਸੂਚਨਾ ਪ੍ਰਾਪਤ ਹੋਵੇਗੀ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਨਾਲ ਹੀ ਕਿੰਨੇ ਤੋਂ ਕਿੰਨੇ ਵਜੇ ਤੱਕ ਬਿਜਲੀ ਬੰਦ ਰਹੇਗੀ, ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਅੱਜ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ ’ਤੇ ਕਲਿਕ ਕਰਕੇ ਇਸ ਸੇਵਾ ਦਾ ਆਰੰਭ ਕਰਨ ’ਤੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਪਹਿਲੇ ਪਾਇਲਟ ਪ੍ਰਾਜੈਕਟ ਦਾ ਬਟਾਲਾ ਸ਼ਹਿਰ ਵਿੱਚ ਟਰਾਇਲ ਸ਼ੁਰੂ ਕੀਤਾ ਗਿਆ ਸੀ, ਜਿਥੇ ਇਸ ਪ੍ਰਾਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ

ਉਨ੍ਹਾਂ ਨੇ ਕਿਹਾ ਕਿ ਹੁਣ ਇਸ ਪ੍ਰਾਜੈਕਟ ਦੀ ਸ਼ੁਰੂਆਤ ਅੰਮ੍ਰਿਤਸਰ ਸ਼ਹਿਰੀ ਇਲਾਕੇ ਵਿੱਚ ਕਰ ਦਿੱਤੀ ਗਈ ਹੈ। ਆਉਣ ਵਾਲੇ ਅਗਲੇ 15 ਦਿਨਾਂ ਵਿੱਚ ਸ਼ਹਿਰ ਦਾ ਬਾਕੀ ਹਿੱਸਾ, ਜੋ ਸਭ-ਅਰਬਨ ਸਰਕਲ ਵਿਚ ਆਉਂਦਾ ਹੈ, ਨੂੰ ਵੀ ਇਸ ਸਕੀਮ ਵਿੱਚ ਜੋੜ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਵਿੱਚ 14 ਸਬ-ਸਟੇਸ਼ਨਾਂ ਤੋਂ ਚਲਦੇ ਕਰੀਬ 141 ਨੰਬਰ 11ਕੇ.ਵੀ. ਫੀਡਰ ਸ਼ਾਮਲ ਕੀਤੇ ਗਏ ਹਨ, ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਦੱਸਿਆ ਕਿ ਪੀ.ਐੱਸ.ਪੀ.ਸੀ.ਐੱਲ. ਦੀ ਟੀਮ ਇਸ ਲਈ ਵਧਾਈ ਦੀ ਪਾਤਰ ਹੈ, ਕਿਉਂਕਿ ਉਹ ਕਾਫ਼ੀ ਦਿਨਾਂ ਤੋਂ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੀ ਸੀ।  

ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ : 2 ਧੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਮਗਰੋਂ ਮਾਂ ਨੇ ਕੀਤੀ ਖ਼ੁਦਕੁਸ਼ੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਸੇ ਤਰ੍ਹਾਂ ਬਿਜਲੀ ਚੋਰੀ ਕਰਨ ’ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਬਿਜਲੀ ਵਿਭਾਗ ਦੀਆਂ ਇਮਾਰਤਾਂ ਦੀ ਜਲਦੀ ਮੁਰੰਮਤ ਕੀਤੀ ਜਾਵੇਗੀ, ਤਾਂਕਿ ਉਥੇ ਕੰਮ ਕਰਦੇ ਸਟਾਫ਼ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਬਾਰਡਰ ਜ਼ੋਨ ਦੇ ਚੀਫ ਇੰਜੀ: ਬਾਲ ਕ੍ਰਿਸ਼ਨ, ਐੱਸ.ਈ. ਸ੍ਰੀ ਰਾਮੇਸ਼ ਸਾਰੰਗਲ, ਐੱਸ.ਈ. ਸ੍ਰੀ ਜਤਿੰਦਰ ਸਿੰਘ, ਐੱਸ.ਈ.ਸ੍ਰੀ ਰਾਜੀਵ ਪਰਾਸ਼ਰ ਆਦਿ ਅਧਿਕਾਰੀ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ 'ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ, ਹੋਇਆ ਹੰਗਾਮਾ

rajwinder kaur

This news is Content Editor rajwinder kaur