ਬਦਬੂ ਮਾਰ ਰਹੀ ਮਠਿਆਈ ਕਰਵਾਈ ਨਸ਼ਟ; 6 ਖੁਰਾਕੀ ਵਸਤਾਂ ਦੇ ਭਰੇ ਸੈਂਪਲ

08/27/2018 4:35:00 AM

 ਰੂਪਨਗਰ,  (ਕੈਲਾਸ਼)-   ਰੱਖਡ਼ੀ ਦੇ ਤਿਉਹਾਰ ਤੇ ਆਮ ਲੋਕਾਂ ਨੂੰ ਦੁੱਧ ਤੋਂ ਬਣੀਆਂ ਮਿਆਰੀ ਵਸਤੂਆਂ ਮੁਹੱਈਆ ਹੋਣ ਦੇ ਮੱਦੇਨਜ਼ਰ  ਸਿਹਤ ਵਿਭਾਗ ਦੀ ਇਕ ਟੀਮ ਵੱਲੋਂ ਬੀਤੇ ਦਿਨੀਂ ਦੁੱਧ ਅਤੇ ਦੁੱਧ ਤੋਂ ਬਣੇ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜਿਥੇ ਦੁੱਧ ਤੋਂ ਬਣੀਆਂ 6 ਵਸਤਾਂ ਦੇ ਸੈਂਪਲ ਭਰੇ ਗਏ, ਉਥੇ ਹੀ ਖਰਾਬ ਮਠਿਆਈ ਨੂੰ ਨਸ਼ਟ ਵੀ ਕਰਵਾਇਆ ਗਿਆ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਿਟੈਂਟ ਕਮਿਸ਼ਨਰ ਫੂਡ ਡਾ. ਸੁਖਰਾਓ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਟੀਮ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਦੁੱਧ ਤੋਂ ਬਣੀਅਾਂ 6 ਵਸਤੂਆਂ ਦੇ ਸੈਂਪਲ ਭਰੇ ਗਏ, ਜਿਨ੍ਹਾਂ ਨੂੰ ਅਗਲੇਰੀ ਜਾਂਚ ਲਈ ਫੂਡ ਐਨਾਲਿਸਟ ਪੰਜਾਬ ਦੇ ਦਫਤਰ ਵਿਖੇ ਭੇਜਿਆ ਗਿਆ ਹੈ। ਇਸ ਦੀ ਰਿਪੋਰਟ ਪ੍ਰਾਪਤ ਹੋਣ ’ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਲੱਗਭੱਗ 25 ਕਿਲੋ ਮਠਿਆਈ, ਜਿਸ  ਵਿਚੋਂ ਬਦਬੂ ਆ ਰਹੀ ਸੀ ਅਤੇ ਨਿਸ਼ਚਿਤ ਮਾਤਰਾ ਤੋਂ ਜ਼ਿਆਦਾ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਸੀ, ਨੂੰ ਮੌਕੇ ’ਤੇ ਹੀ  ਨਸ਼ਟ ਵੀ ਕੀਤਾ ਗਿਆ। ਉਨ੍ਹਾਂ ਇਹ ਵੀ ਦਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਅਧੀਨ ਉਨ੍ਹਾਂ ਵੱਲੋਂ  ਹਲਵਾਈਆਂ ਤੇ ਢਾਬਾ ਮਾਲਕਾਂ ਨੂੰ ਸਾਫ ਸੁਥਰੀਆਂ ਵਸਤਾਂ ਉਪਭੋਗਤਾਵਾਂ ਨੂੰ ਮੁਹੱਈਆ ਕਰਾਉਣ ਲਈ ਆਖਿਆ ਤਾਂ ਜੋ ਆਮ ਲੋਕਾਂ ਦੀ ਸਿਹਤ ਠੀਕ ਰਹਿ ਸਕੇ। ਇਸ ਤੋਂ ਇਲਾਵਾ ਸਬਜ਼ੀ ਮੰਡੀ ਵਿਚ 25 ਕਿਲੋ ਤੋਂ ਵੱਧ ਸਬਜ਼ੀ ਜੋ ਕਿ ਖਰਾਬ ਹੋ ਚੁੱਕੀ ਸੀ, ਨੂੰ ਵੀ ਨਸ਼ਟ ਕੀਤਾ ਗਿਆ।