ਮਾਨਵ ਰਚਨਾ ਸਮਾਰਟ ਸਕੂਲ ਹੁਣ ਮੋਹਾਲੀ ''ਚ

09/24/2017 8:10:32 AM

ਮੋਹਾਲੀ  (ਨਿਆਮੀਆਂ) - ਮਾਨਵ ਰਚਨਾ ਐਜੁਕੇਸ਼ਨਲ ਇੰਸਟੀਚਿਊਟਸ ਵਲੋਂ ਮੋਹਾਲੀ ਦੇ ਸੈਕਟਰ-82 ਵਿਚ 12ਵਾਂ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫਰੀਦਾਬਾਦ ਵਿਚ 3, ਗੁੜਗਾਓਂ ਵਿਚ 4, ਲੁਧਿਆਣਾ, ਨੋਇਡਾ, ਲਖਨਊ ਤੇ ਬੈਂਗਲੁਰੂ ਵਿਚ ਇਸ ਗਰੁੱਪ ਦੇ 1-1 ਸਕੂਲ ਸਫਲਤਾਪੂਰਵਕ ਚੱਲ ਰਹੇ ਹਨ ਤੇ ਫਰੀਦਾਬਾਦ ਵਿਚ ਹੀ ਮਾਨਵ ਰਚਨਾ ਯੂਨੀਵਰਸਿਟੀ ਵੀ ਸਫਲਤਾ ਨਾਲ ਚੱਲ ਰਹੀ ਹੈ। ਇਹ ਗੱਲ ਅੱਜ ਇੱਥੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਉਪ-ਪ੍ਰਧਾਨ ਡਾ. ਅਮਿਤ ਭੱਲਾ ਨੇ ਆਖੀ । ਮਾਨਵ ਰਚਨਾ ਦੇ ਸਿੱਖਿਅਕ ਨਿਰਦੇਸ਼ਕਾ ਸੰਯੋਗਤਾ ਬਾਲੀ ਵੀ ਉਨ੍ਹਾਂ ਦੇ ਨਾਲ ਸਨ ।
ਡਾ. ਭੱਲਾ ਨੇ ਦੱਸਿਆ ਕਿ 1997 ਵਿਚ ਉਨ੍ਹਾਂ ਨੇ ਇੰਜੀਨੀਅਰਿੰਗ ਕਾਲਜ ਨਾਲ ਮਾਨਵ ਰਚਨਾ ਗਰੁੱਪ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਪੂਰੇ ਗਰੁੱਪ ਵਿਚ 36 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। 2006 ਵਿਚ ਫਰੀਦਾਬਾਦ ਵਿਚ ਉਨ੍ਹਾਂ ਨੇ ਪਹਿਲਾ ਸਕੂਲ ਸਥਾਪਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਿੱਖਿਆ ਤਾਂ ਪ੍ਰਦਾਨ ਕੀਤੀ ਹੀ ਜਾਂਦੀ ਹੈ, ਉਨ੍ਹਾਂ ਨੂੰ ਆਪਣੀ ਵਿਰਾਸਤ ਤੇ ਪੁਰਾਤਨ ਪ੍ਰੰਪਰਾਵਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ ।  ਉਨ੍ਹਾਂ ਕਿਹਾ ਕਿ ਗ੍ਰੇਡ 1 ਤੋਂ ਲੈ ਕੇ ਵਿਦਿਆਰਥੀ ਨੂੰ ਕੰਪਿਊਟਰ ਰਾਹੀਂ ਵਿੱਦਿਆ ਦਿੱਤੀ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਹਰੇਕ ਬੱਚੇ ਨੂੰ ਆਈਪੈਡ ਨਾਲ ਪੜ੍ਹਾਇਆ ਜਾਂਦਾ ਹੈ । ਸਮਾਜਿਕ ਕਦਰਾਂ-ਕੀਮਤਾਂ ਵੱਲ ਉਨ੍ਹਾਂ ਦੇ ਗਰੁੱਪ ਦਾ ਵਿਸ਼ੇਸ਼ ਧਿਆਨ ਰਹਿੰਦਾ ਹੈ। ਬੱਚਿਆਂ ਨੂੰ ਅਰਦਾਸ ਦੇ ਨਾਲ-ਨਾਲ ਯੋਗਾ ਤੇ ਹਰ ਧਰਮ ਦੀ ਜਾਣਕਾਰੀ ਦਿੱਤੀ ਜਾਂਦੀ ਹੈ ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 8 ਤੋਂ ਲੈ ਕੇ 4 ਵਜੇ ਤਕ ਸਕੂਲ ਵਿਚ ਹੀ ਰੱਖਿਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਸਵੇਰ ਨੂੰ ਨਾਸ਼ਤੇ ਤੋਂ ਲੈ ਕੇ ਦੁਪਹਿਰ ਦੇ ਖਾਣ ਤੇ ਸ਼ਾਮ ਦੀ ਚਾਹ ਤਕ ਸਭ ਕੁਝ ਦਿੱਤਾ ਜਾਂਦਾ ਹੈ । ਬੱਚਿਆਂ ਨੂੰ ਸਾਰਾ ਕੰਮ ਸਕੂਲ ਵਿਚ ਕਰਵਾਇਆ ਜਾਂਦਾ ਹੈ ਤਾਂ ਕਿ ਘਰ ਆ ਕੇ ਬੱਚੇ ਉਤੇ ਕਿਸੇ ਤਰ੍ਹਾਂ ਦੇ ਕੰਮ ਦਾ ਕੋਈ ਬੋਝ ਨਾ ਰਹੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਵੈਕਸੀਨੇਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੀ ਸਿਹਤ ਦੀ ਜਾਣਕਾਰੀ ਵੀ ਸਕੂਲ ਕੋਲ ਉਪਲੱਬਧ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਮਾਤ ਵਿਚ 25 ਤੋਂ ਜ਼ਿਆਦਾ ਵਿਦਿਆਰਥੀ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਅਪ੍ਰੈਲ ਮਹੀਨੇ ਤੋਂ ਮੋਹਾਲੀ ਦੇ ਇਸ ਸਕੂਲ ਵਿਚ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇਗੀ ।